ਖਰੜ, 10 ਫਰਵਰੀ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਹਲਕਾ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਦੇ ਹੱਕ ਵਿੱਚ ਸ਼ਹਿਰ 'ਚ ਵੱਖ ਵੱਖ ਥਾਵਾਂ 'ਤੇ ਮੀਟਿੰਗਾਂ ਕਰਵਾਈਆਂ ਗਈਆਂ ਜਿਸ ਦੌਰਾਨ ਇਲਾਕਾ ਨਿਵਾਸਿਆਂ ਨੇ ਮਾਨ ਦੇ ਹੱਕ 'ਚ ਭੁਗਤਣ ਦਾ ਐਲਾਨ ਕੀਤਾ। ਮਾਨ ਨੇ ਖਰੜ ਹਲਕੇ 'ਚ ਵਾਰਡ ਨੰਬਰ 24, ਦੇਸੂਮਾਜਰਾ, ਗਾਰਡਨ ਕਲੋਨੀ ਅਤੇ ਲੇਬਰ ਚੌਂਕ ਵਿਖੇ ਨਿਵਾਸੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਵਰਤਣ ਵਾਲੀ ਕਾਂਗਰਸ ਅਤੇ ਬਾਦਲਾਂ ਦੇ ਹੁਣ ਕੇਵਲ ਗਿਣਤੀ ਦੇ ਦਿਨ ਬਚੇ ਹਨ। ਉਨ੍ਹਾਂ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ 'ਤੇ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅੱਜ ਤੱਕ ਆਪਣੇ ਵਾਅਦੇ ਨਹੀਂ ਪੁਗਾਏ।
ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਦਸ ਸਾਲ ਪੰਜਾਬ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਆਪਣਿਆਂ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਲਸ ਦੀ ਮਦਦ ਨਾਲ ਹਿੰਸਕ ਤਰੀਕੇ ਵਰਤਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਪਿੱਛੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਕਰਕੇ ਰਾਜ ਵਿੱਚ ਆਈ ਕਾਂਗਰਸ ਨੇ ਅਕਾਲੀਆਂ ਦੀ ਹੀ ਨਕਲ ਕੀਤੀ। ਉਨ੍ਹਾਂ ਦਾ ਆਮ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਰਵਈਏ ਤੋਂ ਪਤਾ ਲੱਗਿਆ ਕਿ ਉਹ ਕੇਵਲ ਸਿਆਸੀ ਰੋਟੀਆਂ ਸੇਕਣ ਦੀ ਖਾਤਿਰ ਹੀ ਬਿਆਨਬਾਜ਼ੀ ਕਰ ਰਹੇ ਸਨ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ 'ਆਮ ਆਦਮੀ' ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੁੰਦਿਆਂ ਪੰਜਾਬ ਵਿੱਚ ਵੀ 'ਆਪ' ਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਲਿਆ ਹੈ। ਲੋਕਾਂ ਵੱਲੋਂ ਪਿੰਡ ਵਿੱਚ ਆਉਣ ਉੱਤੇ ਰਿਵਾਇਤੀ ਪਾਰਟੀਆਂ ਨੂੰ ਕੀਤੇ ਜਾ ਰਹੇ ਗੰਭੀਰ ਸਵਾਲ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਆਮ ਲੋਕ ਹੁਣ ਉਨ੍ਹਾਂ ਦੇ ਅਸਲੀ ਚਿਹਰੇ ਪਹਿਚਾਣ ਚੁੱਕੇ ਹਨ।
No comments:
Post a Comment