SBP GROUP

SBP GROUP

Search This Blog

Total Pageviews

ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿੱਚ ਤਰਸ ਦੇ ਆਧਾਰ ‘ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ।

ਚੰਡੀਗੜ੍ਹ, 17 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿੱਚ ਤਰਸ ਦੇ ਆਧਾਰ ‘ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇੱਥੇ ਪੰਜਾਬ ਭਵਨ ਵਿਖੇ ਤਰਸ ਦੇ ਆਧਾਰ ‘ਤੇ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਉਨਾਂ ਦੇ ਕਰੀਅਰ ਦੀ ਸਫਲਤਾ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। 

ਉਨਾਂ ਦੱਸਿਆ ਕਿ ਇਨਾਂ 57 ਨਿਯੁਕਤੀਆਂ ਵਿੱਚੋਂ 50 ਸਥਾਨਕ ਸਰਕਾਰਾਂ ਵਿਭਾਗ ਨਾਲ ਜਦਕਿ 7 ਪੁਲਿਸ ਵਿਭਾਗ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਅੱਜ ਨਿਯੁਕਤ ਹੋਏ ਨੌਜਵਾਨਾਂ ਨੂੰ ਰੋਟੀ-ਰੋਜ਼ੀ ਕਮਾਉਣ ਵਾਲੇ ਪਰਿਵਾਰਕ ਜੀਅ ਦੇ ਗੁਜ਼ਰਨ ਤੋਂ ਬਾਅਦ ਕਈ ਔਕੜਾਂ ਵਿੱਚੋਂ ਲੰਘਣਾ ਪਿਆ। 



ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੇ ਨਜ਼ਦੀਕੀਆਂ ਦਾ ਤੁਰ ਜਾਣਾ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਅਤੇ ਇਸ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਇਹ ਨਿਯੁਕਤੀਆਂ ਇਨਾਂ ਪਰਿਵਾਰਾਂ ਦੇ ਦੁੱਖ ਘਟਾਉਣ ਵਿੱਚ ਸਹਾਈ ਹੋਣ ਦੇ ਨਾਲ ਨਾਲ ਉਨਾਂ ਨੂੰ ਮਾਣ-ਇੱਜ਼ਤ ਅਤੇ ਸਨਮਾਨਜਨਕ ਢੰਗ ਨਾਲ ਜੀਵਨ ਬਸਰ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ। 
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਪਹਿਲਾਂ ਹੀ ਸਾਰੇ ਵਿਭਾਗਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀਆਂ ਲਈ ਅਸਾਮੀਆਂ ਭਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 26,754 ਅਸਾਮੀਆਂ ਭਰਨ ਲਈ ਵੱਡੇ ਪੱਧਰ ‘ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਵੱਖ-ਵੱਖ ਵਿਭਾਗਾਂ ਨੂੰ ਇਨਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਹਿ ਚੁੱਕੇ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਇਨਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਅਨਿਰੁਧ ਤਿਵਾੜੀ, ਡੀ.ਜੀ.ਪੀ. ਵੀ.ਕੇ. ਭਾਵਰਾ, ਪ੍ਰਮੁੱਖ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਹਾਜ਼ਰ ਸਨ।

No comments:


Wikipedia

Search results

Powered By Blogger