ਕਾਂਗਰਸ ਸਰਕਾਰ ਵੇਲੇ ਮਨਜ਼ੂਰ ਹੋਈਆਂ ਗ੍ਰਾਂਟਾਂ ਨਾਲ ਸਕੂਲਾਂ ਦੀ ਨੁਹਾਰ ਬਦਲਣ ਦਾ ਕੰਮ ਜਾਰੀ
ਐਸ.ਏ.ਐਸ.ਨਗਰ 03 ਜੂਨ : ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦਸਿਆ ਕਿ ਪਿੰਡ ਗਿੱਦੜਪੁਰ ਦੇ ਐਲੀਮੈਂਟਰੀ ਸਕੂਲ ਅਤੇ ਲਾਂਡਰਾਂ ਦੇ ਸਰਕਾਰੀ ਸੀਨੀਅਰ ਸੈਕੰਡਰ ਸਕੂਲਾਂ ਦੇ ਕਾਇਆਕਲਪ ਲਈ 25 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋਈ ਹੈ।
ਉਨ੍ਹਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਗਿੱਦੜਪੁਰ ਦੇ ਸਕੂਲ ਦੀ ਨਵੀਂ ਇਮਾਰਤ ਲਈ ਪਹਿਲਾਂ ਵੀ 20 ਲੱਖ ਰੁਪਏ ਦਿਤੇ ਸਨ ਜਿਸ ਨਾਲ ਸਕੂਲ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ ਅਤੇ ਹੁਣ ਹੋਰ 10 ਲੱਖ ਰੁਪਏ ਸਕੂਲ ਦੀ ਚਾਰਦੀਵਾਰੀ ਬਣਾਉਣ ਸਮੇਤ ਹੋਰ ਕੰਮਾਂ ’ਤੇ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਸ. ਸਿੱਧੂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਲਗਭਗ 75 ਸਾਲਾਂ ਬਾਅਦ ਅਪਗਰੇਡ ਹੋਏ ਪਿੰਡ ਲਾਂਡਰਾਂ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਲਈ 15 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਤਾਜ਼ਾ ਰਕਮ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਦੇ ਅਖ਼ਤਿਆਰੀ ਕੋਟੇ ਵਿਚੋਂ ਮਿਲੀ ਹੈ ਅਤੇ ਸ. ਸਿੱਧੂ ਭਲਕੇ 4 ਜੂਨ ਨੂੰ ਪਿੰਡਾਂ ਦੀਆਂ ਪੰਚਾਇਤਾਂ, ਪਤਵੰਤਿਆਂ ਅਤੇ ਸਕੂਲਾਂ ਦੇ ਸਟਾਫ ਦੀ ਮੌਜੂਦਗੀ ਵਿਚ ਇਨ੍ਹਾਂ ਗਰਾਂਟਾਂ ਦੇ ਚੈੱਕ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਸੌਂਪਣਗੇ ਤਾਂ ਜੋ ਸਕੂਲਾਂ ਦੇ ਵਿਕਾਸ ਵਿਚ ਕੋਈ ਖੜੋਤ ਨਾ ਆਵੇ।
No comments:
Post a Comment