ਮੋਹਾਲੀ, 04 ਜੂਨ : ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਭਰਾ ਤੇ ਨਗਰ ਨਿਗਮ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਨਗਰ ਨਿਗਮ ਮੋਹਾਲੀ ਦੇ ਹਾਲਾਤ ਵੀ ਬਦਲਦੇ ਨਜ਼ਰ ਆ ਰਹੇ ਹਨ।
ਪਿਛਲੇ ਲਗਭਗ 15 ਸਾਲਾਂ ਤੋਂ ਮੋਹਾਲੀ ਦੀ ਸਿਆਸਤ ਉੱਪਰ ਸਿੱਧੂ ਪਰਿਵਾਰ ਦਾ ਦਬਦਬਾ ਚਲਦਾ ਆ ਰਿਹਾ ਸੀ ਅਤੇ ਇਸ ਵਾਰ ਫਰਵਰੀ 2022 ਦੀਆਂ ਚੋਣਾਂ ਵਿੱਚ ਬਲਬੀਰ ਸਿੰਘ ਸਿੱਧੂ ਦੀ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਹੋਈ ਕਰਾਰੀ ਹਾਰ ਤੋਂ ਬਾਅਦ ਸਿੱਧੂ ਦੇ ਪਾਰਟੀ ਬਦਲ ਕੇ ਭਾਜਪਾ ‘ਚ ਜਾਣ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਸਨ। ਮੋਹਾਲੀ ਤੋਂ ਤਿੰਨ ਵਾਰ ਵਿਧਾਇਕ ਰਹੇ ਬਲਬੀਰ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਮਨਿਸਟਰੀ ਵਿੱਚ ਕੈਬਨਿਟ ਮੰਤਰੀ ਬਣੇ ਸਨ। ਕੋਵਿਡ ਦੀ ਕਰੋਪੀ ਦੌਰਾਨ ਸਿੱਧੂ ਕੋਲ ਸਿਹਤ ਮਹਿਕਮਾ ਸੀ ਅਤੇ ਉਨ੍ਹਾਂ ਉੱਤੇ ਨਸ਼ਾ ਛੁਡਾਊ ਗੋਲੀਆਂ ਵੇਚਣ, ਕੇਂਦਰ ਤੋਂ ਆਏ ਕੋਵਿਡ ਦੇ ਟੀਕੇ ਨਿੱਜੀ ਹਸਪਤਾਲਾਂ ਨੂੰ ਵੇਚਣ, ਕੋਵਿਡ ਕਿੱਟ ‘ਚ ਘਪਲਾ ਆਦਿ ਦੇ ਇਲਜ਼ਾਮ ਲੱਗਦੇ ਆ ਰਹੇ ਹਨ। ਇਸ ਤੋਂ ਇਲਾਵਾ ਮੋਹਾਲੀ ਹਲਕੇ ‘ਚ ਪੰਚਾਇਤੀ ਜ਼ਮੀਨਾਂ ਹਥਿਆਉਣ ਦੇ ਵੀ ਉਨ੍ਹਾਂ ਉੱਪਰ ਦੋਸ਼ ਲਗਦੇ ਰਹੇ ਹਨ। ਅਜੇ ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭ੍ਰਿਸ਼ਟ ਮੰਤਰੀਆਂ ਦੀਆਂ ਫਾਈਲਾਂ ਦੇਣ ਦਾ ਬਿਆਨ ਵੀ ਦਿੱਤਾ ਸੀ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਸਿਆਸੀ ਹਲਕਿਆਂ ‘ਚ ਇਹ ਚਰਚਾ ਜ਼ੋਰਦਾਰ ਢੰਗ ਨਾਲ ਚੱਲ ਰਹੀ ਸੀ ਕਿ ਈ ਡੀ ਤੇ ਹੋਰ ਕੇਂਦਰੀ ਏਜੰਸੀਆਂ ਅਤੇ ਪੰਜਾਬ ਸਰਕਾਰ ਇਨ੍ਹਾਂ ਭ੍ਰਿਸ਼ਟ ਮੰਤਰੀਆਂ ਖਿਲਾਫ ਕਦੇ ਵੀ ਜਾਂਚ ਸ਼ੁਰੂ ਕਰ ਸਕਦੀਆਂ ਸਨ ਜਿਸ ਨੂੰ ਭਾਂਪਦਿਆਂ ਸਿੱਧੂ ਭਰਾਵਾਂ ਨੇ ਪਾਲਾ ਬਦਲਣ ‘ਚ ਹੀ ਭਲਾਈ ਸਮਝੀ ਲਗਦੀ ਹੈ।
ਹੁਣ ਵੱਡਾ ਸਵਾਲ ਇਹ ਹੈ ਕਿ ਕੀ ਸਿੱਧੂ ਭਰਾਵਾਂ ਦੇ ਭਾਜਪਾ ”ਚ ਸ਼ਾਮਲ ਹੋਣ ਨਾਲ ਕਾਂਗਰਸ ਦੇ ਐਮ ਸੀ ਵੀ ਭਾਜਪਾ ‘ਚ ਸ਼ਾਮਲ ਹੋ ਜਾਣਗੇ? ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਇਸ ਭੰਬਲਭੂਸੇ ਦੀ ਸਥਿਤੀ ਦਾ ਫਾਇਦਾ ਉਠਾ ਕੇ ਆਪਣੀ ਕਾਰਪੋਰੇਸ਼ਨ ਬਣਾ ਸਕਣਗੇ? ਅਤੇ ਮੇਅਰ ਜੀਤੀ ਸਿੱਧੂ ਨੂੰ ਮੇਅਰਸ਼ਿਪ ਤੋਂ ਲਾਹੁਣ ‘ਚ ਕਾਮਯਾਬ ਹੋ ਸਕਣਗੇ?
ਇਸ ਪੱਤਰਕਾਰ ਵੱਲੋਂ ਕਾਂਗਰਸ ਦੇ ਕਈ ਐਮ ਸੀਜ਼ ਨਾਲ ਗੱਲਬਾਤ ਕੀਤੀ ਗਈ। ਕਾਂਗਰਸ ਦੀ ਇੱਕ ਕੌਂਸਲਰ ਦਾ ਕਹਿਣਾ ਸੀ ਕਿ ਉਹ ਤਾਂ ਟੀ ਵੀ ‘ਤੇ ਦੇਖ ਕੇ ਡੂੰਘੇ ਸਦਮੇ ‘ਚ ਹਨ। ਉਨ੍ਹਾਂ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਇਹ ਕੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪਹਿਲਾਂ ਕਿਸੇ ਨੂੰ ਵੀ ਪਤਾ ਨਹੀਂ ਸੀ। ਅੱਗੇ ਕੀ ਕਰਨਾ ਹੈ, ਬਾਰੇ ਉਨ੍ਹਾਂ ਨੁੰ ਕੁਝ ਪਤਾ ਨਹੀਂ। ਕਾਂਗਰਸ ਦੇ ਹੀ ਇੱਕ ਹੋਰ ਐਮ ਸੀ ਦਾ ਕਹਿਣਾ ਸੀ ਕਿ ਜੇਕਰ ਆਪ ਕੋਸ਼ਿਸ਼ ਕਰੇ ਤਾ ਹਾਲਤ ‘ਚ ਬਦਲਾਅ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਪੁਰਾਣੇ ਮੇਅਰ ਹਨ ਅਤੇ ਉਹ ਹਿੰਮਤ ਕਰਨ ਤਾਂ ਸਥਿਤੀ ਬਦਲ ਸਕਦੀ ਹੈ। ਕੁਝ ਕਾਂਗਰਸੀ ਕੌਂਸਲਰਾਂ ਨੇ ਫੋਨ ਹੀ ਨਹੀਂ ਚੁੱਕੇ। ਇੱਕ ਹੋਰ ਕਾਂਗਰਸੀ ਐਮ ਦਾ ਕਹਿਣਾ ਸੀ ਕਿ ਉਹਨਾਂ ਦੇ ਭਾਜਪਾ ‘ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦੋਂ ਕਿ ਇੱਕ ਹੋਰ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੀ ਨੀਤੀ ਤੋਂ ਬਾਅਦ ਹੀ ਸਿੱਧੂ ਭਰਾਵਾਂ ਨਾਲ ਜਾਣ ਦੀ ਗੱਲ ਸਾਫ ਹੋਵੇਗੀ। “ਭਾਜਪਾ ‘ਚ ਸਿਰਫ ਗਲਤ ਕੰਮ ਕਰਨ ਵਾਲੇ ਲੀਡਰ ਡਰਦੇ ਮਾਰੇ ਜਾ ਰਹੇ ਹਨ ਜਦੋਂ ਕਿ ਪੰਜਾਬ ‘ਚ ਭਾਜਪਾ ਦੀ ਕੋਈ ਗੱਲ ਨਹੀਂ”।ਕੁੱਲ ਮਿਲਾ ਕੇ ਅਜੇ ਕਾਂਗਰਸੀ ਕੌਂਸਲਰਾਂ ‘ਚ ਭੰਬਲ਼ਭੂਸਾ ਦੀ ਸਥਿਤੀ ਚੱਲ ਰਹੀ ਹੈ।
ਮੌਜੂਦਾ ਨਗਰ ਨਿਗਮ ਦੇ ਹਾਊਸ ਵਿੱਚ ਕਾਂਗਰਸ ਦੇ 37 ਐਮ ਸੀ ਹਨ ਜਦੋਂ ਕਿ 4 ਆਜ਼ਾਦ ਤੇ 9 ਆਜ਼ਾਦ ਗਰੁੱਪ ਦੇ ਜਿੱਤੇ ਸਨ। ਕੀ ਹੁਣ ਸਾਰੇ ਕਾਂਗਰਸੀ ਐਮ ਸੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ? ਇਸ ਦਾ ਅਜੇ ਸਿੱਧਾ ਜਵਾਬ ਨਹੀਂ ਮਿਲ ਰਿਹਾ ਅਤੇ ਕੌਂਸਲਰ ਵੀ ਦੇਖੋ ਤੇ ਉਡੀਕ ਕਰੋ ਦੀ ਲਾਈਨ ‘ਤੇ ਚੱਲ ਰਹੇ ਹਨ। ਕੀ ਆਮ ਆਦਮੀ ਪਾਰਟੀ ਇਸ ਸਥਿਤੀ ਦਾ ਲਾਹਾ ਲੈ ਸਕਦੀ ਹੈ? ਪਿਛਲੇ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹਾਲਾਤ ਬਹੁਤੇ ਸਾਜ਼ਗਰ ਨਹੀਂ ਲੱਗ ਰਹੇ। ਆਪ ਦੇ ਬਹੁਤੇ ਕੌਂਸਲਰਾਂ ਵਿੱਚ ਵੀ ਸਥਿੱਤੀ ਬਾਰੇ ਭੰਬਲ਼ਭੂਸਾ ਜ਼ਿਆਦਾ ਤੇ ਸਪਸ਼ਟਤਾ ਦੀ ਘਾਟ ਨਜ਼ਰ ਆ ਰਹੀ ਸੀ।
No comments:
Post a Comment