ਚੰਡੀਗੜ੍ਹ / ਸੰਗਰੂਰ, 21 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਕਥਿਤ ਤੌਰ ’ਤੇ ਵਿਗੜਨ ਦਾ ਦੋਸ਼ ਲਾਉਣ ਦੀ ਸਖ਼ਤ ਅਲੋਚਨਾ ਕੀਤੀ ਹੈ। ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਇੱਥੇ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ, ਕਿਉਂਕਿ ਪੰਜਾਬ ਦੇ ਲੋਕਾਂ ’ਚ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਅਤੇ ਇਸ ਸਾਂਝ ਨੂੰ ਕੋਈ ਵੀ ਨਹੀਂ ਤੋੜ ਸਕਦਾ।
ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਪੱਤਰਕਾਰਾਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਵਿਚਾਰ ਸਾਂਝੇ ਕੀਤੇ। ਮੁੱਖ ਮੰਤਰੀ ਨੇ ਕਿਹਾ, ‘ਪੰਜਾਬ ਸਰਕਾਰ ਕੇਂਦਰੀ ਏਜੰਸੀਆਂ ਸਮੇਤ ਹੋਰਨਾਂ ਪੰਜ ਸੂਬਿਆਂ ਨਾਲ ਮਿਲ ਕੇ ਪ੍ਰਸਿੱਧ ਮਹਰੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੀ ਹੱਤਿਆ ਦੀ ਜਾਂਚ ਕਰ ਰਹੀ ਹੈ। ਇਸ ਲਈ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।’
ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਤਿੰਨ ਮਹੀਨਿਆਂ ’ਚ ‘ਆਪ’ ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਪ੍ਰੇਸ਼ਾਨ ਹੋ ਰਹੀਆਂ ਹਨ। ਇਸ ਲਈ ਇਹ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਆਪਣੇ ਝੂਠੇ ਦਾਅਵਿਆਂ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਗੁੰਮਰਾਹ ਕਰਨ ਦੀਆਂ ਕੋਸ਼ਿਸਾਂ ਕਰ ਰਹੀਆਂ ਹਨ। ਇੱਥੋਂ ਤੱਕ ਕਿ ਪਿਛਲੀਆਂ ਸਰਕਾਰਾਂ ਦੇ ਸ਼ਾਸਨ ’ਚ ਪੈਦਾ ਕੀਤੇ ਗਏ ਗੈਂਗਸਟਰਾਂ ਬਾਰੇ ਵੀ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀਆਂ ਹਨ। ਉਨ੍ਹਾਂ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਅਗਨੀਪੱਥ ਯੋਜਨਾ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ, ‘‘ਭਾਜਪਾ ਸਰਕਾਰ ਇਸ ਯੋਜਨਾ ਰਾਹੀਂ ਨਾ ਕੇਵਲ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਜਾ ਰਹੀ ਹੈ, ਸਗੋਂ ਫੌਜ ਦੇ ਅਫ਼ਸਰਾਂ ਤੇ ਜਵਾਨਾਂ ਦਾ ਮਨੋਬੱਲ ਵੀ ਤੋੜ ਰਹੀ ਹੈ। ਇਸ ਯੋਜਨਾ ਤਹਿਤ ਨੌਜਵਾਨਾਂ ਲਈ 3- 4 ਮਹੀਨਿਆਂ ਦੀ ਸਿਖਲਾਈ ਕਾਰਗਰ ਨਹੀਂ ਹੈ ਅਤੇ ਨਾ ਹੀ 4 ਸਾਲ ਦੀ ਨੌਕਰੀ ਫੌਜੀ ਜਵਾਨ ਲਈ ਕੋਈ ਮਾਅਇਨੇ ਰੱਖਦੀ ਹੈ। ਇਸ ਲਈ ਮੋਦੀ ਸਰਕਾਰ ਦੇਸ਼ ਦੀ ਬਿਹਤਰੀ ਲਈ ਇਸ ਯੋਜਨਾ ਨੂੰ ਤੁਰੰਤ ਵਾਪਸ ਲਵੇ।’’
ਮੁੱਖ ਮੰਤਰੀ ਨੇ ਭਾਜਪਾ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ’ਤੇ ਚੱਲ ਕੇ ਸਮਾਜ ਨੂੰ ਵੰਡ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਇੱਕ ਲੋਕਤੰਤਰਿਕ ਪਾਰਟੀ, ਜੋ ਸ਼ਾਂਤੀ ਅਤੇ ਭਾਈਚਾਰੇ ਦੀ ਵਕਾਲਤ ਕਰਦੀ ਹੈ। ਕਰਾਂਤੀਕਾਰੀ ਭਗਤ ਸਿੰਘ ਅਤੇ ਹੋਰ ਆਜ਼ਾਦੀ ਘੋਲਾਟੀਆਂ ਦੀ ਦੇਸ਼ ਭਗਤੀ ’ਤੇ ਸਵਾਲ ਚੁੱਕਣ ਲਈ ਵਿਰੋਧੀ ਪਾਰਟੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਕਾਰਾ ਹੈ।
ਭਗਵੰਤ ਮਾਨ ਨੇ ਦੋ ਵਾਰ ਸੰਸਦ ਮੈਂਬਰ ਅਤੇ ਹੁਣ ਮੁੱਖ ਮੰਤਰੀ ਬਣਾਉਣ ਲਈ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ਼ ਹੈ ਕਿ ਸੰਗਰੂਰ ਦੇ ਕਰਾਂਤੀਕਾਰੀ ਲੋਕ ਇਸ ਵਾਰ ਫਿਰ ਆਮ ਆਦਮੀ ਨੂੰ ਵੋਟ ਦੇਣਗੇ ਅਤੇ ਗੁਰਮੇਲ ਸਿੰਘ ਘਰਾਚੋ ਨੂੰ ਪ੍ਰਚੰਡ ਬਹੁਮੱਤ ਨਾਲ ਜ਼ਿਮਨੀ ਚੋਣ ’ਚ ਜਿਤਾਉਣਗੇ। ਉਨ੍ਹਾਂ ਕਿਹਾ ਕਿ ‘ਆਪ’ ਵਿਰੋਧੀ ਪਾਰਟੀਆਂ ਦੀ ਵਿਚਾਰ ਧਾਰਾ ਤੋਂ ਉਲਟ ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਸਕੂਲਾਂ ਅਤੇ ਹਸਪਤਾਲਾਂ ਦਾ ਵਿਕਾਸ ਕਰਨ, ਭ੍ਰਿਸ਼ਟਾਚਾਰ ਤੇ ਮਾਫੀਆ ਖ਼ਤਮ ਕਰਨ ਅਤੇ ਸੂਬੇ ਨੂੰ ਮੁੱੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਚੋਣ ਲੜ੍ਹ ਰਹੀ ਹੈ।
No comments:
Post a Comment