ਐਸ.ਏ.ਐਸ ਨਗਰ/ਬੂਥਗੜ੍ਹ, 24 ਜੂਨ : ਕੋਵਿਡ ਪਾਜ਼ੇਟਿਵ ਕੇਸਾਂ ’ਚ ਵਾਧੇ ਨੂੰ ਵੇਖਦਿਆਂ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਅਤੇ ਨੋਡਲ ਅਫ਼ਸਰ ਡਾ. ਵਿਕਾਸ ਰਣਦੇਵ ਨੇ ਦਸਿਆ ਕਿ 24 ਜੂਨ ਤੋਂ 30 ਜੂਨ ਤਕ ਲੱਗ ਰਹੇ ਇਨ੍ਹਾਂ ਮੈਗਾ ਕੈਂਪਾਂ ਵਿਚ ਹਰ ਲਾਭਪਾਤਰੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਜਿਸ ’ਚ ਪ੍ਰਮੁੱਖ ਤੌਰ ’ਤੇ 12 ਤੋਂ 14 ਸਾਲ ਦੇ ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ 14 ਸਾਲ ਤੋਂ ਉਪਰਲੇ ਹਰ ਵਿਅਕਤੀ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਲੋਂ ਇਹ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।
ਐਸ.ਐਮ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਜਿਹੀ ਜਾਨਲੇਵਾ ਬੀਮਾਰੀ ਤੋਂ ਅਪਣਾ ਬਚਾਅ ਕਰਨ ਲਈ ਮੁਕੰਮਲ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀਆਂ ਨੇ ਹਾਲੇ ਤਕ ਪਹਿਲਾ, ਦੂਜਾ ਜਾਂ ਤੀਜਾ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਚੋਟੀ ਦੇ ਸਿਹਤ ਮਾਹਰਾਂ ਦੀ ਰਾਏ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਟੀਕਾ ਲਗਵਾਉਣ ਨਾਲ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੈਦਾ ਹੁੰਦੀ ਹੈ। ਜੇ ਟੀਕਾ ਲਗਵਾਉਣ ਤੋਂ ਬਾਅਦ ਵੀ ਕੋਈ ਵਿਅਕਤੀ ਇਸ ਬੀਮਾਰੀ ਦੀ ਲਪੇਟ ਵਿਚ ਆ ਜਾਂਦਾ ਹੈ ਤਾਂ ਇਹ ਬੀਮਾਰੀ ਭਿਆਨਕ ਰੂਪ ਅਖ਼ਤਿਆਰ ਨਹੀਂ ਕਰਦੀ ਅਤੇ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ। ਐਸ.ਐਮ.ਓ. ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਵਿਅਕਤੀ ਬਿਨਾਂ ਕਿਸੇ ਡਰ-ਭੈਅ ਇਹ ਟੀਕਾ ਲਗਵਾਏ।
ਕੈਂਪਾਂ ਦੇ ਸਥਾਨਾਂ ਦਾ ਵੇਰਵਾ : 25 ਜੂਨ ਨੂੰ ਪੀ.ਐਚ.ਸੀ. ਬੂਥਗੜ੍ਹ, ਨਗਰ ਖੇੜਾ ਪਿੰਡ ਕਾਲੇਵਾਲ, ਸਿਹਤ ਅਤੇ ਤੰਦਰੁਸਤੀ ਕੇਂਦਰ ਪਿੰਡ ਸੁਹਾਲੀ, ਗੁਰਦਵਾਰਾ ਪਿੰਡ ਤਿਊੜ, ਸਿਹਤ ਕੇਂਦਰ ਪਿੰਡ ਬਹਿਲੋਲਪੁਰ, ਗੁਰਦਵਾਰਾ ਪਿੰਡ ਹੁਸ਼ਿਆਰਪੁਰ, ਸਿਹਤ ਕੇਂਦਰ ਪਿੰਡ ਤੋਗਾਂ। 27 ਜੂਨ ਨੂੰ ਪੀ.ਐਚ.ਸੀ. ਬੂਥਗੜ੍ਹ, ਸਿਹਤ ਕੇਂਦਰ ਪਿੰਡ ਕੁੱਬਾਹੇੜੀ, ਗੁਰਦਵਾਰਾ ਪਿੰਡ ਸਿੰਘਪੁਰਾ, ਸਿਹਤ ਕੇਂਦਰ ਪਿੰਡ ਬੜੌਦੀ, ਡਿਸਪੈਂਸਰੀ ਪਿੰਡ ਫ਼ਹਿਤਪੁਰ ਸਿਆਲਬਾ, ਸਿਹਤ ਅਤੇ ਤੰਦਰੁਸਤੀ ਕੇਂਦਰ ਪਿੰਡ ਮੁੱਲਾਂਪੁਰ ਸੋਢੀਆਂ, ਸਿਹਤ ਅਤੇ ਤੰਦਰੁਸਤੀ ਕੇਂਦਰ ਪਿੰਡ ਭੜੌਂਜੀਆਂ। 28 ਜੂਨ ਨੂੰ ਪੀ.ਐਚ.ਸੀ. ਬੂਥਗੜ੍ਹ, ਗੁਰਦਵਾਰਾ ਸੈਣੀਆਂ ਪਿੰਡ ਤੀੜਾ, ਤਕੀਆ ਮੁਹੱਲਾ ਪਿੰਡ ਖ਼ਿਜ਼ਰਾਬਾਦ, ਗੁਰਦਵਾਰਾ ਪਿੰਡ ਸੈਣੀ ਮਾਜਰਾ, ਗੁਰਦਵਾਰਾ ਪਿੰਡ ਨਿਹੋਲਕਾ। 29 ਜੂਨ ਨੂੰ ਪੀ.ਐਚ.ਸੀ. ਬੂਥਗੜ੍ਹ, ਡਿਸਪੈਂਸਰੀ ਪਿੰਡ ਪਡਿਆਲਾ, ਗੁਰਦਵਾਰਾ ਪਿੰਡ ਝਿੰਗੜਾਂ ਕਲਾਂ, ਗੁਰਦਵਾਰਾ ਪਿੰਡ ਰੁੜਕੀ ਖ਼ਾਮ, ਗੁਰਦਵਾਰਾ ਪਿੰਡ ਜੁਝਾਰ ਨਗਰ, ਗੁਰਦਵਾਰਾ ਪਿੰਡ ਮਾਜਰਾ, ਮੰਦਰ ਪਿੰਡ ਜੈਂਤੀ ਮਾਜਰੀ। 30 ਜੂਨ ਨੂੰ ਪੀ.ਐਚ.ਸੀ. ਬੂਥਗੜ੍ਹ, ਡਿਸਪੈਂਸਰੀ ਪਿੰਡ ਮਾਣਕਪੁਰ ਸ਼ਰੀਫ਼, ਸਿਹਤ ਕੇਂਦਰ ਪਿੰਡ ਸਿੰਘਪੁਰਾ, ਗੁਰਦਵਾਰਾ ਪਿੰਡ ਝੰਡੇਮਾਜਰਾ, ਨੇੜੇ ਵੈਟਰਨਰੀ ਡਿਸਪੈਂਸਰੀ ਪਿੰਡ ਮਾਜਰੀ, ਗੁਰਦਵਾਰਾ ਪਿੰਡ ਮੁੰਦੋ ਸੰਗਤੀਆਂ।
No comments:
Post a Comment