ਐਸ.ਏ.ਐਸ. ਨਗਰ 21 ਜੂਨ : ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਅਤੇ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਲਈ ਯੋਗ ਸਭ ਤੋਂ ਵਧੀਆ ਸਾਧਨ ਹੈ ਅਤੇ ਅਸੀਂ ਬਿਨ੍ਹਾਂ ਕੁਝ ਖਰਚ ਕੀਤਿਆਂ ਯੋਗ ਵਿਧੀ ਰਾਹੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੇ ਅੱਜ ਹਾਕੀ ਸਟੇਡੀਅਮ ਫੇਜ-9, ਸਾਹਿਜ਼ਾਦਾ ਅਜੀਤ ਸਿੰਘ ਨਗਰ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਦਫਤਰ ਦੇ ਸਹਿਯੋਗ ਨਾਲ ਕਰਵਾਏ ਅੰਤਰ-ਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਅਮਿਤ ਤਲਵਾੜ ਨੇ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਯੁਵਾ ਪੀੜ੍ਹੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਵੀ ਪ੍ਰਰੇਰਿਤ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ 'ਚ ਸ਼ਾਮਲ ਹੋ ਕੇ ਖੁਦ ਯੋਗ ਆਸਣ ਕੀਤੇ ਗਏ। ਇਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ(ਵ) ਸ੍ਰੀ ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ, ਐਸ.ਡੀ.ਐਮ. ਮੋਹਾਲੀ ਸ੍ਰੀ ਹਰਬੰਸ ਸਿੰਘ, ਸਿਵਲ ਸਰਜਨ ਸ੍ਰੀਮਤੀ ਅਦਰਸ਼ਪਾਲ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵੀ ਹਾਜ਼ਰ ਹੋਏ।
ਇਸ ਮੌਕੇ ਆਯੁਰਵੈਦਿਕ ਅਫ਼ਸਰਾਂ ਵੱਲੋਂ ਯੋਗ ਆਸਣ ਕਰਵਾਏ ਗਏ ਅਤੇ ਯੋਗ ਵਿਧੀਆਂ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਇਆ ਗਿਆ। ਉਨ੍ਹਾਂ ਯੋਗਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਸਾਡੀ ਪੁਰਾਤਨ ਸੱਭਿਅਤਾ ਅਤੇ ਰਿਸ਼ੀਆਂ-ਮੁਨੀਆਂ ਦੀ ਮਹਾਨ ਦੇਣ ਹੈ। ਉਨ੍ਹਾਂ ਕਿਹਾ ਕਿ ਅਜੋਕੀ ਦੌੜ-ਭੱਜ ਦੀ ਜ਼ਿੰਦਗੀ 'ਚ ਯੋਗ ਆਸਣਾਂ ਰਾਹੀਂ ਅਸੀਂ ਤਣਾਅ ਮੁਕਤ ਹੋ ਸਕਦੇ ਹਾਂ।
No comments:
Post a Comment