SBP GROUP

SBP GROUP

Search This Blog

Total Pageviews

Sunday, June 5, 2022

ਜ਼ਿਲ੍ਹਾ ਪ੍ਰਸ਼ਾਸ਼ਨ ਮੋਹਾਲੀ ਵੱਲੋਂ ਪੂਰੇ ਉਤਸ਼ਾਹ ਤੇ ਚਾਅ ਨਾਲ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਐਸ.ਏ.ਐਸ. ਨਗਰ 05 ਜੂਨ : ਹਵਾ, ਮਿੱਟੀ, ਪਾਣੀ ਤੇ ਅਵਾਜ਼ ਪ੍ਰਦੂਸ਼ਣ ਦੇ ਖਿਲਾਫ ਪੂਰੇ ਵਿਸ਼ਵ ਵਿੱਚ 5 ਜੂਨ ਨੂੰ ਮਨਾਏ ਜਾਂਦੇ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ. ਨਗਰ ਵਿੱਚ ਵੀ ਵਾਤਾਵਰਣ ਦਿਵਸ ਪੂਰੇ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਇਸ ਮੌਕੇ ਵਾਤਾਵਰਣ ਦੀ ਸ਼ੁਧਤਾ ਦਾ ਸੰਦੇਸ਼ ਦਿੰਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਹਾਤੇ ਤੋਂ ਬਾਹਰ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ “ਹਰ ਮਨੁੱਖ ਲਾਵੇ ਇੱਕ ਰੁੱਖ” ਦੇ ਨਾਅਰੇ ਅਧੀਨ ਬੂਟੇ ਲਗਾਏ ਗਏ। ਇਸ ਮਗਰੋਂ ਸਵੈ ਸੰਸਥਾਵਾਂ, ਨਹਿਰੂ ਯੁਵਾਂ ਕੇਂਦਰ (ਐਨ.ਵਾਈ.ਕੇ), ਸਕੂਲੀ ਬੱਚਿਆਂ ਤੇ ਨੌਜਵਾਨ ਕਲੱਬਾਂ ਦੇ ਸਹਿਯੋਗ ਨਾਲ ਸਾਇਕਲ ਰੈਲੀ ਕੱਢੀ ਗਈ। 


          ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਵਾਤਾਵਰਣ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਰੁਖ ਅਖਿਤਿਆਰ ਕਰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤ੍ਰਾਸਦੀ ਇਹ ਹੈ ਕਿ ਮਨੁੱਖ ਕੋਲ ਰਹਿਣ ਲਈ ਸਿਰਫ ਇੱਕ ਧਰਤੀ ਹੈ ਪਰ ਮਨੁੱਖ ਦੇ ਵਾਤਾਵਰਣ ਪ੍ਰਤੀ ਗੈਰ ਜ਼ਿੰਮੇਵਾਰਨਾ ਰੁਖ ਕਾਰਨ ਕੁਦਰਤ ਦੀਆਂ ਜੀਵਨ ਜਿਉਣ ਲਈ ਬੁਨਿਆਂਦੀ ਨਿਆਂਮਤਾ ਜਿਵੇਂ ਹਵਾਂ,ਪਾਣੀ,ਮਿੱਟੀ ਪਲੀਤ ਅਤੇ ਗੰਦਲੀਆਂ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸ਼ੁਧਤਾ ਅਤੇ ਰਾਖੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਲਈ ਪੂਰੇ ਵਿਸ਼ਵ ਵਿੱਚ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਹਾਲੀ ਵੱਲੋਂ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ। ਉਨ੍ਹਾਂ ਦੱਸਿਆ ਕਿ ਰੁੱਖਾਂ ਦੀ ਮਨੁੱਖੀ ਜੀਵਨ ਲਈ ਬਹੁਤ ਜ਼ਰੂਰਤ ਹੈ ਪਰ ਰੁੱਖ ਦਿਨੋਂ ਦਿਨ ਕੱਟੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ “ਹਰ ਮਨੁੱਖ ਲਾਵੇ ਇੱਕ ਰੁੱਖ” ਦੇ ਸੰਦੇਸ਼ ਨੂੰ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਧਿਕਾਰੀਆਂ ਵੱਲੋਂ ਬੂਟੇ ਲਗਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਉਂਦੇ ਕੁਝ ਸਮੇਂ ਵਿੱਚ ਜ਼ਿਲ੍ਹੇ ਅੰਦਰ 100 ‘ਮਿੰਨੀ ਫੋਰੈਸਟ’(ਛੋਟੇ ਜੰਗਲ) ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜੰਗਲਾਂ ਨੂੰ ਸਥਾਪਤ ਕੀਤੇ ਜਾਣ ਲਈ ਪ੍ਰਸ਼ਾਸ਼ਨ ਵੱਲੋਂ ਜਗ੍ਹਾ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਸਵੱਛਤਾ ਦੇ ਸੰਦੇਸ਼ ਨੂੰ ਦੇਣ ਲਈ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਬਾਹਰ ਪਲਾਸਟਿਕ ਦੇ ਲਿਫਾਫੇ ,ਕੂੜਾ ਕਰਕਟ ਅਤੇ ਹੋਰ ਹਾਨੀਕਾਰਕ ਪ੍ਰਦਾਰਥਾਂ ਨੂੰ ਚੁੱਕਿਆ ਗਿਆ ਅਤੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਪੋਲੀਥੀਨ ਦੇ ਲਿਫਾਫੇ ਤੇ ਕੂੜਾ ਕਰਕਟ ਸਾਡੇ ਵਾਤਾਵਰਣ ਲਈ ਹਾਨੀਕਾਰਕ ਹਨ। 


          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਗਰੋਂ ਸਵੈ ਸੰਸਥਾਵਾਂ, ਨਹਿਰੂ ਯੁਵਾਂ ਕੇਂਦਰ (ਐਨ.ਵਾਈ.ਕੇ), ਜੱਗ ਜਿਉਂਦਿਆਂ ਦੇ ਮੇਲੇ ਕਲੱਬ, ਜੁਗਨੀ ਕਲਚਰ ਤੇ ਵੈਲਫੇਅਰ ਕਲੱਬ, ਸਕੂਲੀ ਬੱਚਿਆਂ ਤੇ ਨੌਜਵਾਨ ਕਲੱਬਾਂ ਦੇ ਸਾਈਕਲਿਸਟਾਂ ਦੇ ਸਹਿਯੋਗ ਨਾਲ ਸਾਇਕਲ ਰੈਲੀ ਕੱਢੀ ਗਈ । ਇਸ ਸਾਇਕਲ ਰੈਲੀ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਮੈਡਮ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ. ਮੋਹਾਲੀ ਸ੍ਰੀ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ ਨੇ ਵੀ ਉਚੇਚੇ ਤੌਰ ਤੇ ਭਾਗ ਲਿਆ। ਇਹ ਸਾਇਕਲ ਰੈਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਵੇਵ ਅਸਟੇਟ ਤੋਂ ਹੁੰਦੇ ਹੋਏ ਤਕਰੀਬਨ 10 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਮੁੜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਪਤ ਹੋਈ। ਇਸ ਮਗਰੋਂ ਦੇਸ਼ੀ ਰੰਗਮੰਚ ਵੱਲੋਂ “ਆਪਣੀ ਧਰਤੀ ਆਪਣਾ ਇੰਵਾਈਰਮੈਂਟ” ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਜਿਸ ਰਾਹੀਂ ਉਨ੍ਹਾਂ ਨੇ ਵਾਤਾਵਰਣ ਦੀ ਸ਼ੁਧਤਾ , ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਅਤੇ ਕੂੜਾ ਕਰਕਟ ਡਸਟਬਿਨਾਂ ਵਿੱਚ ਸੁਟਣ ਦਾ ਸੁਨੇਹਾ ਦਿੱਤਾ। 

             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਿ.ਵ) ਸ੍ਰੀਮਤੀ ਪੂਜਾ ਐਸ.ਗਰੇਵਾਲ,  ਸ੍ਰੀ ਸੰਜੇ ਕੁਮਾਰ ਤਹਿਸੀਲਦਾਰ( ਚੋਣਾਂ) ਤੋਂ ਇਲਾਵਾ ਜੁਗਨੀ ਕਲਚਰ ਤੇ ਵੈਲਫੇਅਰ ਕਲੱਬ ਤੇ ਜੱਗ ਜਿਉਂਦਿਆਂ ਦੇ ਮੇਲੇ ਕਲੱਬ ਦੇ ਅਹੁੱਦੇਦਾਰ ਦਵਿੰਦਰ ਸਿੰਘ ਜੁਗਨੀ, ਸ੍ਰੀ ਜਸਪ੍ਰੀਤ ਰੰਧਾਵਾ,ਹਰਪ੍ਰੀਤ ਹਨੀ, ਲਖਵਿੰਦਰ ਲੱਖੀ,ਹਰਿੰਦਰਪਾਲ ਸਿੰਘ ਤੇ ਭੁਪਿੰਦਰ ਝੱਜ ਆਦਿ ਵੀ ਹਾਜ਼ਰ ਸਨ।

No comments:


Wikipedia

Search results

Powered By Blogger