ਸੰਗਰੂਰ , ਜੂਨ 18 : ਮੁੱਖ ਮੰਤਰੀ ਭਗਵੰਤ ਮਾਨ ਦੇ ਸੰਸਦ ਮੈਂਬਰ ਵੱਜੋਂ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਆਪਣੇ ਗੜ੍ਹ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਵਿੱਚ ਜੁਟੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ-ਸ਼ੋ ਦੇ ਨਾਲ-ਨਾਲ ਕੈਬਨਿਟ ਮੰਤਰੀਆਂ ਅਤੇ 'ਆਪ' ਵਿਧਾਇਕਾਂ ਵੱਲੋਂ ਸੰਗਰੂਰ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਿਨ੍ਹਾਂ ਦਾ ਆਪਣਾ ਹਲਕਾ ਦਿੜ੍ਹਬਾ ਸੰਗਰੂਰ ਲੋਕ ਸਭਾ ਸੀਟ 'ਚ ਆਉਂਦਾ ਹੈ, ਨੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਲਈ ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਪ੍ਰਚਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਕੱਢਣ ਲਈ ਪੂਰੀ ਤਰ੍ਹਾਂ ਗੰਭੀਰ ਹੈ।
ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਇੱਕ ਇੱਕ ਕਰਕੇ ਹਰ ਮਾਫ਼ੀਆ ਦੀ ਸੰਘੀ ਨੱਪ ਰਹੀ ਹੈ ਅਤੇ ਜਲਦ ਹੀ ਪੰਜਾਬ ਮਾਫ਼ੀਆ ਮੁਕਤ ਸੂਬਾ ਹੋਵੇਗਾ। ਉਹਨਾਂ ਕਿਹਾ ਕਿ ਜਿਹੜਾ ਪੈਸਾ ਪਹਿਲੀਆਂ ਸਰਕਾਰਾਂ ਦੌਰਾਨ ਭ੍ਰਿਸ਼ਟ ਲੀਡਰਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ ਉਹ ਹੁਣ ਪੰਜਾਬ ਦੇ ਖ਼ਜ਼ਾਨੇ 'ਚ ਜਾ ਰਿਹਾ ਹੈ। ਪੰਜਾਬ ਦੇ ਖ਼ਜ਼ਾਨੇ ਅਤੇ ਪੰਜਾਬ ਦੇ ਲੋਕਾਂ ਦਾ ਵਿੱਤੀ ਸੰਕਟ ਪੂਰੀ ਤਰ੍ਹਾਂ ਹੱਲ ਕਰਨ ਲਈ 'ਆਪ' ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਮਾਫ਼ੀਆ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜ਼ਮੀਨਾਂ, ਟਰਾਂਸਪੋਰਟ ਅਤੇ ਰੇਤਾ ਮਾਫ਼ੀਆ ਵਿਰੁੱਧ ਲਗਾਤਾਰ ਹੋ ਰਹੀਆਂ ਕਾਰਵਾਈਆਂ ਤੋਂ ਪੰਜਾਬ ਦੇ ਲੋਕ ਖੁਸ਼ ਹਨ ਅਤੇ ਬਾਕੀ ਦੇ ਭ੍ਰਿਸ਼ਟਾਚਾਰੀਆਂ ਦਾ ਹਿਸਾਬ ਵੀ ਹੋ ਰਿਹਾ ਹੈ ਅਤੇ ਤਦ ਤੱਕ ਜਾਰੀ ਰਹੇਗਾ ਜਦੋ ਤੱਕ ਪੰਜਾਬ ਵਿੱਚੋਂ ਇਹਨਾਂ ਦੀ ਜੜ੍ਹ ਖ਼ਤਮ ਨਹੀਂ ਹੋ ਜਾਂਦੀ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।
ਵਿੱਤ ਮੰਤਰੀ ਅਨੁਸਾਰ ਸਾਧੂ ਸਿੰਘ ਧਰਮਸੋਤ ਅਤੇ ਜੋਗਿੰਦਰ ਪਾਲ ਖ਼ਿਲਾਫ਼ ਕਾਰਵਾਈ ਇੱਕ ਚੇਤਾਵਨੀ ਹੈ ਸਾਰੇ ਪੁਰਾਣੇ ਭ੍ਰਿਸ਼ਟ ਲੀਡਰਾਂ ਲਈ ਕਿ ਪੰਜਾਬ ਵਿੱਚ ਹੁਣ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਦੇ ਦਿਨ ਖ਼ਤਮ ਹੋ ਗਏ ਹਨ ਅਤੇ ਪੰਜਾਬ ਦੇ ਲੋਕਾਂ ਵੱਲੋਂ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਾਜਨੀਤਿਕ ਸੋਚ ਅਨੁਸਾਰ ਆਮ ਲੋਕਾਂ ਦੇ ਹਿੱਤ ਵਿੱਚ ਹੀ ਕੰਮ ਕਰੇਗੀ। ਉਹਨਾਂ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਕਿਸੇ ਵੀ ਰਾਜਨੀਤਿਕ ਬਦਲਾਖ਼ੋਰੀ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਆਪਣੇ ਮੰਤਰੀ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ 'ਤੇ ਵੀ ਤੁਰੰਤ ਅਤੇ ਬਿਨਾਂ ਪੱਖ-ਪਾਤ ਤੋਂ ਕਾਰਵਾਈ ਕੀਤੀ।
ਉਹਨਾਂ ਸੰਗਰੂਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਫਿਰ ਇਮਾਨਦਾਰ ਅਤੇ ਮਿਹਨਤੀ ਉਮੀਦਵਾਰ ਨੂੰ ਜਿਤਾ ਕੇ, ਦੇਸ਼ ਦੀ ਸੰਸਦ ਵਿੱਚ ਆਮ ਲੋਕਾਂ ਦੇ ਪੱਖ ਦੀ ਗੱਲ ਕਰਨ ਵਾਲਾ ਪ੍ਰਤੀਨਿਧੀ ਚੁਣ ਕੇ ਭੇਜਣ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹਰ ਰੋਜ਼ ਲੋਕ ਪੱਖੀ ਕੰਮ ਕਰ ਰਹੀ ਹੈ, ਉਸੇ ਤਰ੍ਹਾਂ ਗੁਰਮੇਲ ਸਿੰਘ ਲੋਕ ਸਭਾ ਵਿੱਚ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨਗੇ।
No comments:
Post a Comment