ਮੈਂ ਨੀ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਮੋੜ ਕੇ…
ਮੋਹਾਲੀ: 24 ਜੁਲਾਈ : ਵੂਮੈਨ ਵੈਲਫੇਅਰ ਐਸੋਸੀਏਸ਼ਨ 3 ਬੀ 2 ਵੱਲੋਂ ”ਤੀਆਂ ਤੀਜ ਦੀਆਂ” ਤਿਓਹਾਰ ਪੂਰੇ ਧੂਮ ਧਾਮ ਤੇ ਹੁਲਾਸ ਨਾਲ ਮਨਾਇਆ ਗਿਆ।
ਫੇਜ਼ 3 ਬੀ2 ਦੇ ਹਨੂੰਮਾਨ ਮੰਦਰ ਵਿੱਚ ਹੋਏ ਤੀਜ ਦੇ ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਤੀਜ ‘ਚ ਗਿੱਧਾ, ਮਿਸ ਤੀਜ ਮੁਕਾਬਲਾ, ਸੋਲੋ, ਕੋਰੀਓਗ੍ਰਾਫੀ, ਵਿਰਾਸਤੀ ਗੀਤ ਤੇ ਬੋਲੀਆਂ ਸ਼ਾਮਲ ਸਨ। ਸੁਰਿੰਦਰ ਧਾਲੀਵਾਲ, ਪੁਸ਼ਪਿੰਦਰ ਥਿੰਦ, ਪਿੰਕੀ ਔਲਖ ਅਤੇ ਜਗਜੀਤ ਸਿੱਧੂ ਦੀ ਅਗਵਾਈ ਵਿੱਚ ਪਹਿਲਾਂ ਇੱਕ ਘੰਟਾ ਗਿੱਧੇ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਮਿਸ ਤੀਜ ਮੁਕਾਬਲੇ ਵਿੱਚ ਕਰਮਜੀਤ ਕੌਰ ਪਹਿਲੇ, ਸਿਮਰਤ ਗਿੱਲ ਦੂਜੇ ਅਤੇ ਰਜਨੀ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਪੰਜਾਬੀ ਅਖੌਤਾਂ, ਮੁਹਾਵਰੇ ਅਤੇ ਬੁਝਾਰਤਾਂ ਦੇ ਮੁਕਾਬਲਿਆਂ ਰਾਹੀਂ ਵੀ ਆਮ ਸੂਝ ਬੂਝ ਦੀ ਪਰਖ ਕੀਤੀ ਗਈ ਜੋ ਬਹੁਤ ਹੀ ਰੌਚਕ ਪ੍ਰੋਗਰਾਮ ਹੋ ਨਿੱਬੜਿਆ। ਐਸੋਸੀਏਸ਼ਨ ਵੱਲੋਂ ਵੱਖ ਵੱਖ ਵੰਨਗੀਆਂ ਵਿੱਚ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ।
ਫਿਰ ਵਾਰੀ ਆਈ ਗਿੱਧੇ ‘ਚ ਬੋਲੀਆਂ ਪਾ ਕੇ ਧਮਾਲਾਂ ਪਾਉਣ ਦੀ। ਸੁਰਿੰਦਰ ਧਾਲੀਵਾਲ ਨੇ ‘ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ‘..ਅਤੇ ਪਿੰਕੀ ਔਲਖ ਨੇ ”ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ..‘ਬੋਲੀਆਂ ਪਾ ਕੇ ਗਿੱਧੇ ਨੂੰ ਸਿਖਰ ‘ਤੇ ਪਹੁੰਚਾ ਦਿੱਤਾ।


No comments:
Post a Comment