ਚੰਡੀਗੜ੍ਹ, 02 ਜੁਲਾਈ : ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫ਼ਸਲ ਉਗਾਉਣ ਵਾਲੇ ਕਿਸਾਨਾਂ ਦੀ ਫ਼ਸਲ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਯਕੀਨੀ ਬਣਾਉਣ ਲਈ ਵਾਧੂ ਬੋਨਸ ਦੇਣ ਦੇ ਐਲਾਨ ਨੂੰ 'ਕ੍ਰਾਂਤੀਕਾਰੀ ਕਦਮ' ਕਰਾਰ ਦਿੱਤਾ ਹੈ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ‘ਤੇ ਮੂੰਗੀ ਦੀ ਫ਼ਸਲ ਬੀਜੀ ਸੀ। ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਤੋਂ ਘੱਟ 'ਤੇ ਮੂੰਗੀ ਵੇਚਣ ਵਾਲੇ ਕਿਸਾਨਾਂ ਲਈ ਬੋਨਸ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਕਦਮ 'ਤੇ ਕਿਸਾਨਾਂ ਦੇ ਨਾਲ ਖੜ੍ਹੀ ਹੈ।
ਕਿਸਾਨਾਂ ਨੂੰ ਕਿਸੇ ਵੀ ਫ਼ਸਲ 'ਤੇ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਬੋਨਸ ਨੇ ਸਾਬਿਤ ਕਰ ਦਿੱਤਾ ਕਿ ਸੂਬੇ ਦੀ ਸਰਕਾਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵਚਨਬੱਧ ਹੈ।
ਚੱਢਾ ਨੇ ਕਿਹਾ ਕਿ ਪਹਿਲਾਂ ਅਸੀਂ ਫ਼ਸਲਾਂ ਦੀ ਵਿਭਿੰਨਤਾ ਬਾਰੇ ਸਿਰਫ਼ ਕਿਤਾਬਾਂ ਵਿੱਚ ਹੀ ਪੜ੍ਹਦੇ ਸੀ ਕਿ ਕਣਕ-ਝੋਨੇ ਤੋਂ ਇਲਾਵਾ ਵੀ ਫ਼ਸਲਾਂ ਉਗਾਈਆਂ ਜਾਣੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨ 'ਤੇ ਇਸ ਨੂੰ ਲਾਗੂ ਕਰਕੇ ਕਿਸਾਨਾਂ 'ਚ ਭਰੋਸਾ ਪੈਦਾ ਕੀਤਾ ਹੈ ਅਤੇ ਕਿਸਾਨ ਪੱਖੀ ਫੈਸਲਿਆਂ ਨਾਲ ਹੀ ਫ਼ਸਲੀ ਵਿਭਿੰਨਤਾ ਪੰਜਾਬ 'ਚ ਹਕੀਕਤ ਬਣੀ ਹੈ।
No comments:
Post a Comment