ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਸਬੰਧੀ ਕੀਤੀਆਂ ਵਿਚਾਰਾਂ
ਖਰੜ 13 August : ਜਨਹਿੱਤ ਵਿਕਾਸ ਕਮੇਟੀ ਖਰੜ ਵੱਲੋਂ ਪ੍ਰਧਾਨ ਰਣਜੀਤ ਸਿੰਘ ਹੰਸ ਦੀ ਪ੍ਰਧਾਨਗੀ ਹੇਠ ਐੱਸਡੀਐੱਮ ਖਰੜ ਰਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਸਬੰਧੀ ਵਿਚਾਰ ਵਿਟਾਂਦਰਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਲਿਖਤੀ ਪੱਤਰ ਦੇ ਕੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਬੇਨਤੀ ਵੀ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਬ੍ਰਿਜ ਮੋਹਨ ਸ਼ਰਮਾ ਨੇ ਦੱਸਿਆ ਕਿ ਬੱਸ ਅੱਡਾ ਖਰੜ
'ਤੇ ਪ੍ਰਾਈਵੇਟ ਬੱਸਾਂ ਵੱਲੋਂ ਲੰਬੇ ਸਮੇਂ ਤੱਕ ਬੱਸਾਂ ਖੜ੍ਹਾ ਕਰਕੇ ਰੱਖਣਾ ਅਤੇ ਗਲਤ ਤਰੀਕੇ ਨਾਲ ਪਾਰਕ ਕਰਨ ਕਾਰਨ ਜਾਮ ਦੀ ਸਥਿਤੀ ਬਣ ਜਾਂਦੀ ਹੈ।ਉਨ੍ਹਾਂ ਕਿਹਾ ਇਕ ਤਾਂ ਬੱਸ ਅੱਡਾ ਖਰੜ ਨਾ ਬਣਨ ਕਾਰਨ ਸਵਾਰੀਆਂ ਨੂੰ ਖੁੱਲ੍ਹੇ ਅਸਮਾਨ ਥੱਲੇ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਜਦੋਂ ਬੱਸਾਂ ਆਉਂਦੀਆਂ ਹਨ ਤਾਂ ਤਰਤੀਬ ਵਾਰ ਖਡ਼੍ਹੀਆਂ ਨਾ ਹੋਣ ਕਾਰਨ ਜਾਮ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਖਰੜ ਤੋਂ ਕੁਰਾਲੀ ਜਾਣ ਵਾਲਿਆਂ ਲਈ ਰੋਜ਼ਾਨਾ ਇਹ ਜਾਮ ਭਾਰੀ ਮੁਸੀਬਤ ਦਾ ਕਾਰਨ ਬਣਦਾ ਜਾ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿੱਚ ਆਟੋ ਚਾਲਕਾਂ ਵੱਲੋਂ ਕਿਰਾਏ ਨੂੰ ਲੈ ਕੇ ਪੂਰੀ ਗੁੰਡਾਗਰਦੀ ਮਚਾਈ ਹੋਈ ਹੈ ਕਿਉਂ ਕਿ ਉਹ ਆਪਣੀ ਮਰਜ਼ੀ ਨਾਲ ਸਵਾਰੀਆਂ ਤੋਂ ਕਿਰਾਇਆ ਵਸੂਲਦੇ ਹਨ ਇਸ ਲਈ ਖਰੜ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਇੱਕ ਨਿਸ਼ਚਿਤ ਕਿਰਾਇਆ ਤੈਅ ਹੋਣਾ ਜ਼ਰੂਰੀ ਹੈ।ਇਸਦੇ ਨਾਲ ਹੀ ਦੁਕਾਨਦਾਰਾਂ ਵੱਲੋਂ ਸੜਕਾਂ ਉੱਪਰ ਸਾਮਾਨ ਰੱਖਿਆ ਜਾਂਦਾ ਹੈ ਜੋ ਕਿ ਰਾਹਗੀਰਾਂ ਅਤੇ ਸ਼ਹਿਰ ਦੀਆਂ ਜਨਤਾ ਨੂੰ ਕਾਫ਼ੀ ਦਿੱਕਤਾਂ ਦੇ ਰਿਹਾ ਹੈ ਇਸ ਲਈ ਨਾਜਾਇਜ਼ ਕਬਜ਼ਿਆਂ ਨੂੰ ਵੀ ਜਲਦ ਤੋਂ ਜਲਦ ਹਟਾਇਆ ਜਾਣਾ ਚਾਹੀਦਾ ਹੈ।ਉਨ੍ਹਾਂ ਨਵੇਂ ਆਏ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੂੰ ਫਰੀ ਹੈਂਡ ਕਰਨ ਲਈ ਵੀ ਬੇਨਤੀ ਕੀਤੀ ਕਿਉਂਕਿ ਉਨ੍ਹਾਂ ਵੱਲੋਂ ਵਧੀਆ ਤਰੀਕੇ ਨਾਲ ਟ੍ਰੈਫਿਕ ਕੰਟਰੋਲ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਰੇਹੜੀਆਂ ਲਈ ਵਾਰਡ ਵਾਈਜ਼ ਜ਼ੋਨ ਬਣਾਉਣ ਦੀ ਗੱਲ ਵੀ ਆਖੀ ਗਈ ਹੈ ਅਤੇ ਹਸਪਤਾਲ ਰੋਡ ਨੂੰ ਚੌੜਾ ਕਰਨ ਲਈ ਜਲਦ ਤੋਂ ਜਲਦ ਕੰਮ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ।ਇਸ ਮੌਕੇ ਐਸਡੀਐਮ ਖਰੜ ਰਵਿੰਦਰ ਸਿੰਘ ਵੱਲੋਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਜਲਦ ਹੀ ਨਿਪਟਾਉਣ ਦਾ ਭਰੋਸਾ ਦਿੱਤਾ ਗਿਆ ਹੈ।ਇਸ ਮੌਕੇ ਮਾਸਟਰ ਅਜੈਬ ਸਿੰਘ, ਜਸਬੀਰ ਸਿੰਘ,ਸੇਵਾ ਸਿੰਘ ਆਦਿ ਮੌਜੂਦ ਸਨ
No comments:
Post a Comment