ਐਸ.ਏ.ਐਸ. ਨਗਰ, 20 ਜੂਨ : ਪੰਜਾਬ ਸਰਕਾਰ ਦੀ ਮਹੱਤਵਪੂਰਨ ਸਿਹਤ ਸੰਭਾਲ ਯੋਜਨਾ "ਸੀ ਐਮ ਦੀ ਯੋਗਸ਼ਾਲਾ" ਦੇ ਤਹਿਤ, 21 ਜੂਨ ਨੂੰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਜ਼ਿਲ੍ਹਾ ਪੱਧਰੀ ਸਮਾਗਮ ਖੇਡ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ ਸਵੇਰੇ 6 ਵਜੇ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ ਨੇ ਅੱਜ ਇਸ ਸਬੰਧੀ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੁਰਵੇਦ ਡਾਇਰੈਕਟੋਰੇਟ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਈ ਗਈ ਹੈ।
ਇਸ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਸਮੂਹਿਕ ਯੋਗ ਅਭਿਆਸ ਪ੍ਰੋਗਰਾਮ, ਯੋਗ ਪ੍ਰਦਰਸ਼ਨ, ਸਿਹਤ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਆਮ ਲੋਕਾਂ, ਵਿਦਿਆਰਥੀਆਂ, ਯੋਗਾ ਇੰਸਟ੍ਰਕਟਰਾਂ, ਸਿਹਤ ਕਰਮਚਾਰੀਆਂ ਅਤੇ ਸਮਾਜਿਕ ਸੰਗਠਨਾਂ ਦੀ ਵੱਡੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਇਹ ਮੈਗਾ ਮੁਹਿੰਮ 19 ਜੂਨ ਨੂੰ ਜਲੰਧਰ ਵਿੱਚ ਆਯੋਜਿਤ 'ਪੰਜਾਬ ਯੋਗ ਸਮਾਗਮ 2025' ਨਾਲ ਸ਼ੁਰੂ ਹੋਈ, ਜਿਸ ਵਿੱਚ 21,000 ਤੋਂ ਵੱਧ ਲੋਕਾਂ ਨੇ ਸਮੂਹਿਕ ਤੌਰ 'ਤੇ ਯੋਗਾ ਅਭਿਆਸ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਇਹ ਸਮਾਗਮ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਰਾਜ ਭਰ ਵਿੱਚ ਯੋਗ ਪ੍ਰਤੀ ਜਨਤਕ ਜਾਗਰੂਕਤਾ ਦਾ ਪ੍ਰਤੀਕ ਬਣ ਗਿਆ ਹੈ।
ਉਨ੍ਹਾਂ ਦੱਸਿਆ ਕਿ "ਸੀ ਐਮ ਦੀ ਯੋਗਸ਼ਾਲਾ" ਯੋਜਨਾ ਦੇ ਤਹਿਤ, ਸੈਂਕੜੇ ਸਿਖਲਾਈ ਪ੍ਰਾਪਤ ਯੋਗਾ ਅਧਿਆਪਕ ਪਹਿਲਾਂ ਹੀ ਰਾਜ ਭਰ ਦੇ ਮੁਹੱਲਿਆਂ, ਪਾਰਕਾਂ, ਸਕੂਲਾਂ ਅਤੇ ਭਾਈਚਾਰਕ ਥਾਵਾਂ 'ਤੇ ਮੁਫਤ ਯੋਗਾ ਕਲਾਸਾਂ ਚਲਾ ਰਹੇ ਹਨ। ਸਰਕਾਰ ਦਾ ਉਦੇਸ਼ ਹੈ -"ਹਰ ਘਰ ਵਿੱਚ ਯੋਗ, ਹਰ ਮਨ ਵਿੱਚ ਸਿਹਤ", ਅਤੇ ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ, ਅੰਤਰਰਾਸ਼ਟਰੀ ਯੋਗ ਦਿਵਸ ਨੂੰ ਜਨਤਾ ਲਈ ਇੱਕ ਜਸ਼ਨ ਬਣਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਵੀ ਸਾਰੇ ਨਾਗਰਿਕਾਂ ਨੂੰ 21 ਜੂਨ ਨੂੰ ਇਸ ਇਤਿਹਾਸਕ ਯੋਗਾ ਉਤਸਵ ਵਿੱਚ ਹਿੱਸਾ ਲੈਣ ਅਤੇ ਇੱਕ ਸਿਹਤਮੰਦ, ਮਜ਼ਬੂਤ ਅਤੇ ਜਾਗਰੂਕ ਪੰਜਾਬ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਅੰਤਰਾਸ਼ਟਰੀ ਏਅਰਪੋਰਟ ਦੇ ਬਾਹਰ ਸ਼ਹੀਦ ਭਗਤ ਸਿੰਘ ਜੀ ਦੇ ਬਣੇ ਬੁੱਤ ਸਾਹਮਣੇ, ਸ਼੍ਰੀ ਰਾਮ ਭਵਨ ਦੁਸ਼ਹਿਰਾ ਗਰਾਊਂਡ ਖਰੜ, ਦਫਤਰ ਨਗਰ ਕੌਂਸਲ, ਕੁਰਾਲੀ, ਦਫਤਰ ਨਗਰ ਕੌਂਸਲ ਨਿਆਂਗਰਾਉਂ, ਬੀ.ਡੀ.ਪੀ.ਓ ਦਫਤਰ, ਮਾਜਰੀ,ਦਫਤਰ ਨਗਰ ਪੰਚਾਇਤ ਘੜੂੰਆਂ ਅਤੇ ਅਸ਼ੋਕ ਵਾਟਿਕਾ ਸਨਾਤਨ ਧਰਮ ਸਭਾ ਗੁਲਾਬਗੜ੍ਹ, ਡੇਰਾਬਸੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਵੇਗਾ।
No comments:
Post a Comment