ਐਸ.ਏ.ਐਸ.ਨਗਰ , 31 ਅਕਤੂਬਰ : ਪੰਜਾਬੀ ਭਾਸ਼ਾ ਜ਼ਰੀਏ ਵਿਗਿਆਨ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ (ਪੀਐਸਸੀਐਸਟੀ) ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਰਾਹੀਂ ਸੂਬੇ ਦੇ ਆਦਰਸ਼ ਸਕੂਲਾਂ ਵਿੱਚ ਅਧਿਆਪਨ ਸਮੱਗਰੀ ਅਤੇ ਅਧਿਆਪਨ ਸਬੰਧੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਪਹਿਲਕਦਮੀ ਦੀ ਸ਼ੁਰੂਆਤ ਲਈ ਕੌਂਸਲ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਧੀਨ ਕੌਮੀ ਪੱਧਰ ਦੀ ਸੰਸਥਾ ਵਿਗਿਆਨ ਪ੍ਰਸਾਰ ਦੇ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕਰਕੇ ਪੰਜਾਬ ਵਿੱਚ 'ਸਕੋਪ' (ਵਿਗਿਆਨ, ਸੰਚਾਰ, ਪ੍ਰਚਾਰ ਅਤੇ ਇਸਦਾ ਵਿਸਥਾਰ) ਪ੍ਰੋਜੈਕਟ ਲਾਗੂ ਕੀਤਾ ਜਾਵੇਗਾ।
ਇਸ ਤਿੰਨ ਸਾਲਾਂ ਦੇ ਪ੍ਰੋਜੈਕਟ ਵਿੱਚ ਵਿਗਿਆਨ ਅਤੇ ਵਾਤਾਵਰਣ ਦੀਆਂ ਕਿਤਾਬਾਂ ਤਿਆਰ ਕਰਨ ਅਤੇ ਇਸਦਾ ਪ੍ਰਕਾਸ਼ਨ, ਅਨੁਵਾਦ, ਸਮਰੱਥਾ ਨਿਰਮਾਣ ਵਰਕਸ਼ਾਪਾਂ, ਵਿਦਿਆਰਥੀਆਂ ਲਈ ਵਿਗਿਆਨ ਅਤੇ ਵਾਤਾਵਰਣ ਬਾਰੇ ਜਾਗਰੂਕਤਾ ਲਈ ਛੋਟੀਆਂ ਫਿਲਮਾਂ/ਵੀਡੀਓ ਬਣਾਉਣ ਸਮੇਤ ਕਈ ਚੀਜ਼ਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਤਹਿਤ ਮੈਗਜ਼ੀਨ ਅਤੇ ਹੋਰ ਸਮੱਗਰੀ ਵੀ ਤਿਆਰ ਕੀਤੀ ਜਾਵੇਗੀ ਅਤੇ ਤਰਜੀਹੀ ਤੌਰ 'ਤੇ ਸਾਰੇ ਆਦਰਸ਼ ਸਕੂਲਾਂ ਨੂੰ ਮੁਹੱਈਆ ਕਰਵਾਈ ਜਾਵੇਗੀ।
ਇਸ ਪ੍ਰੋਜੈਕਟ ਤਹਿਤ ਪੀ.ਐਸ.ਈ.ਬੀ. ਦੁਆਰਾ ਚਲਾਏ ਜਾ ਰਹੇ ਸਾਰੇ ਗਿਆਰਾਂ ਆਦਰਸ਼ ਸਕੂਲਾਂ ਨੂੰ ਹੋਰ ਸਰਕਾਰੀ ਸਕੂਲਾਂ ਦੇ ਨਾਲ ਸ਼ਾਮਿਲ ਕੀਤਾ ਗਿਆ ਹੈ।
ਅਧਿਆਪਨ ਸਹੂਲਤ ਬਾਰੇ ਜਾਗਰੂਕਤਾ ਲਈ ਪੀ.ਐਸ.ਸੀ.ਐਸ.ਟੀ. ਦੇ ਸਹਿਯੋਗ ਨਾਲ ਪੀ.ਐਸ.ਈ.ਬੀ. ਵਿੱਚ ਅੱਜ ਸਾਰੇ ਆਦਰਸ਼ ਸਕੂਲਾਂ ਦੇ ਵਿਗਿਆਨ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦਾ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ (ਡਾ.) ਯੋਗ ਰਾਜ, ਚੇਅਰਮੈਨ, ਪੀ.ਐਸ.ਈ.ਬੀ. ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਕੱਤਰ ਕਿਰਨਜੀਤ ਸਿੰਘ ਟਿਵਾਣਾ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਡਾ. ਯੋਗ ਰਾਜ ਨੇ ਕਿਹਾ ਕਿ ਪੀ.ਐਸ.ਈ.ਬੀ. ਆਦਰਸ਼ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਰੁਚੀ ਪੈਦਾ ਕਰਨ ਲਈ ਮੋਹਰੀ ਕਦਮ ਚੁੱਕੇਗਾ। ਉਨ੍ਹਾਂ ਅੱਗੇ ਕਿਹਾ ਕਿ ਆਦਰਸ਼ ਸਕੂਲਾਂ ਵਿੱਚ ਵਿਗਿਆਨ ਅਤੇ ਵਾਤਾਵਰਣ ਵਿਸ਼ੇ ਨੂੰ ਪੰਜਾਬੀ ਵਿੱਚ ਪੜ੍ਹਾਉਣ 'ਤੇ ਜ਼ੋਰ ਦਿੱਤਾ ਜਾਵੇਗਾ।
ਸਕੱਤਰ ਕਿਰਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਪੜ੍ਹਾਈ ਕਰਵਾਉਣ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ। ਡਾ.ਕੁਲਬੀਰ ਸਿੰਘ ਬਾਠ, ਸੰਯੁਕਤ ਡਾਇਰੈਕਟਰ, ਪੀ.ਐਸ.ਸੀ.ਐਸ.ਟੀ. ਨੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਸ਼ਰੂਤੀ ਸ਼ੁਕਲਾ ਨੇ ਵਾਤਾਵਰਣ ਦੇ ਮੁੱਦਿਆਂ ਅਤੇ ਡਿਜੀਟਲ ਯੁੱਗ ਵਿੱਚ ਉਨ੍ਹਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਫੋਟੋ ਕੈਪਸ਼ਨ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗ ਰਾਜ ਐਸ.ਏ.ਐਸ.ਨਗਰ ਵਿਖੇ ਡਾ: ਸ਼ਰੂਤੀ ਸ਼ੁਕਲਾ, ਡਾ. ਕੇ.ਐਸ. ਬਾਠ ਅਤੇ ਰਿਸੋਰਸ ਪਰਸਨਜ਼ ਨਾਲ ਪਹੁੰਚੇ।
No comments:
Post a Comment