ਐਸ.ਏ.ਐਸ ਨਗਰ / ਬੂਥਗੜ੍ਹ, 07 ਨਵੰਬਰ : ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਪਿੰਡ ਮਾਣਕਪੁਰ ਸ਼ਰੀਫ਼ ਅਤੇ ਪੁਲਿਸ ਚੌਕੀ ਮਾਜਰੀ ਵਿਖੇ ਮੱਛਰਾਂ ਦੀ ਰੋਕਥਾਮ ਲਈ ਫ਼ੌਗਿੰਗ ਕੀਤੀ। ਡਾ. ਅਲਕਜੋਤ ਕੌਰ ਨੇ ਦਸਿਆ ਕਿ ਮਲੇਰੀਆ ਅਤੇ ਡੇਂਗੂ ਜਿਹੀਆਂ ਗੰਭੀਰ ਬੀਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੀ ਰੋਕਥਾਮ ਲਈ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਵੱਖ ਵੱਖ ਹਿੱਸਿਆਂ ਵਿਚ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਖ-ਵੱਖ ਪਿੰਡਾਂ ਵਿਚ ਲਗਾਤਾਰ ਦਵਾਈ ਦੀ ਸਪਰੇਅ ਕਰਦੀਆਂ ਰਹਿੰਦੀਆਂ ਹਨ ਤਾਕਿ ਇਨ੍ਹਾਂ ਮਾਰੂ ਬੀਮਾਰੀਆਂ ਦੀ ਅਗਾਊਂ ਰੋਕਥਾਮ ਹੋ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਦੀ ਰੋਕਥਾਮ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ ਪਰ ਲੋਕਾਂ ਦਾ ਸਾਥ ਵੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਣ ਅਤੇ ਇਨ੍ਹੀਂ ਦਿਨੀਂ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ। ਉਨ੍ਹਾਂ ਕਿਹਾ ਕਿ ਜੇ ਡੇਂਗੂ, ਚਿਕਨਗੁਨੀਆ ਜਾਂ ਮਲੇਰੀਆ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਇਹ ਸਾਰੇ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੀਮਾਰੀਆਂ ਵਿਰੁਧ ਜਾਗਰੂਕਤਾ ਅਤੇ ਸਰਵੇ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਜਿਥੇ ਸਕੂਲਾਂ ਵਿਚ ਜਾ ਕੇ ਡੇਂਗੂ, ਮਲੇਰੀਆ, ਚਿਕਨਗੁਨੀਆ ਦੇ ਲੱਛਣਾਂ, ਸਾਵਧਾਨੀਆਂ ਅਤੇ ਇਲਾਜ ਬਾਰੇ ਬੱਚਿਆਂ ਨੂੰ ਜਾਣਕਾਰੀ ਦੇ ਰਹੀਆਂ ਹਨ, ਉਥੇ ਪਿੰਡ-ਪਿੰਡ ਜਾ ਕੇ ਸਰਪੰਚਾਂ ਅਤੇ ਹੋਰ ਪਤਵੰਤਿਆਂ ਨੂੰ ਨਾਲ ਲੈ ਕੇ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਹਨ ਅਤੇ ਸਪਰੇਅ ਦਾ ਕੰਮ ਵੀ ਕਰ ਰਹੀਆਂ ਹਨ। ਇਸ ਮੌਕੇ ਹੈਲਥ ਇੰਸਪੈਕਟਰ ਸਵਰਨ ਸਿੰਘ, ਜਗਤਾਰ ਸਿੰਘ, ਪਿੰਡ ਦੇ ਪਤਵੰਤੇ, ਪੁਲਿਸ ਅਧਿਕਾਰੀ ਅਤੇ ਹੋਰ ਮੁਲਾਜ਼ਮ ਮੌਜੂਦ ਸਨ।
No comments:
Post a Comment