ਐਸ.ਏ.ਐਸ. ਨਗਰ 22 ਦਸੰਬਰ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਅੱਜ ਮਿਤੀ 22 ਦਸੰਬਰ 2022 ਨੂੰ ਰਾਜਿੰਦਰ ਕੌਰ ਦੁਆਰਾ ਰਚਿਤ ਪੁਸਤਕ ‘ਕਨ੍ਹੇੜੀ ਚੜ੍ਹੇ ਵਰ੍ਹੇ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਤੇ ਡਾ. ਦੀਪਕ ਮਨਮੋਹਨ ਸਿੰਘ (ਸਾਬਕਾ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ,ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਸ਼ਾਇਰ ਜਸਵੰਤ ਜ਼ਫ਼ਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਸ਼ਾਇਰਾ ਮਨਜੀਤ ਇੰਦਰਾ ਤੇ ਮਨਮੋਹਨ ਸਿੰਘ ਦਾਊਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧੰਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਵੀ ਸਾਂਝੀ ਕੀਤੀ ਗਈ। ਪ੍ਰਧਾਨਗੀ ਮੰਡਲ ਵੱਲੋਂ ‘ਕਨ੍ਹੇੜੀ ਚੜ੍ਹੇ ਵਰ੍ਹੇ’ ਪੁਸਤਕ ਨੂੰ ਲੋਕ ਅਰਪਣ ਵੀ ਕੀਤਾ ਗਿਆ।
ਡਾ. ਦੀਪਕ ਮਨਮੋਹਨ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਪੁਸਤਕ ਨੂੰ ਲੋਕ ਕਹਾਵਤਾਂ, ਮੁਹਾਵਰਿਆਂ ਦੀ ਪ੍ਰਾਪਤੀ ਵਜੋਂ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਯਤਨ ਕਿਹਾ ਗਿਆ। ਜਸਵੰਤ ਜ਼ਫ਼ਰ ਵੱਲੋਂ ਪੁਸਤਕ ਨੂੰ ਸਮਾਜਿਕ, ਆਰਥਿਕ, ਸੱਭਿਆਚਾਰਕ, ਭੂਗੋਲਿਕ ਪੱਖਾਂ ਦੀ ਬਹੁਤ ਸੁੰਦਰ ਤਰੀਕੇ ਨਾਲ ਕੀਤੀ ਗਈ ਪੇਸ਼ਕਾਰੀ ਵਾਲੀ ਕਿਹਾ। ਉਹਨਾਂ ਵੱਲੋਂ ਆਪਣੀਆਂ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ। ਮਨਜੀਤ ਇੰਦਰਾ ਵੱਲੋਂ ਇਹ ਪੁਸਤਕ ਪਾਠਕਾਂ ਨੂੰ ਆਪਣੇ ਬਚਪਨ ਨਾਲ ਜੋੜਨ ਵਾਲੀ ਦੱਸਿਆ ਗਿਆ। ਮਨਮੋਹਨ ਸਿੰਘ ਦਾਊਂ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਇਹ ਪੁਆਧੀ ਸ਼ਬਦਾਂ ਨਾਲ ਗੁੰਦੀ ਹੋਈ ਸ਼ਬਦਾਂ ਦੀ ਫੁਲਕਾਰੀ ਹੈ। ਜਗਦੀਪ ਨੂਰਾਨੀ ਵੱਲੋਂ ਪੁਸਤਕ ‘ਤੇ ਪਰਚਾ ਪੜ੍ਹਦਿਆਂ ਕਿਹਾ ਗਿਆ ਕਿ ਇਹ ਅਜਿਹੀ ਸ੍ਵੈਜੀਵਨੀ ਹੈ ਜੋ ਬੇਪਰਵਾਹ ਬਚਪਨ ਨੂੰ ਬੇਬਾਕਤਾ ਨਾਲ ਪ੍ਰਗਟਾਉਣ ਦਾ ਦਮ ਰੱਖਦੀ ਹੈ। ਇਸਨੂੰ ਪੜ੍ਹਦਿਆਂ ਹਰੇਕ ਨੂੰ ਆਪਣੇ ਬਚਪਨ ਦੀ ਆਹਟ ਸੁਣਾਈ ਦਿੰਦੀ ਹੈ। ਪੁਸਤਕ ਦੀ ਲੇਖਿਕਾ ਰਾਜਿੰਦਰ ਕੌਰ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਅਤੇ ਜੀਵਨ ਦੀਆਂ ਯਾਦਾਂ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ ਗਈ। ਜੰਗ ਬਹਾਦਰ ਗੋਇਲ ਵੱਲੋਂ ਇਸ ਨੂੰ ਨਿੱਜੀ ਜ਼ਿੰਦਗੀ ਦਾ ਅਜਾਇਬ ਘਰ ਦੱਸਿਆ ਗਿਆ। ਪ੍ਰੋ. ਅਵਤਾਰ ਸਿੰਘ ਪਤੰਗ ਵੱਲੋਂ ਇਸ ਪੁਸਤਕ ਨੂੰ ਪੇਂਡੂ ਸੱਭਿਆਚਾਰ ਨੂੰ ਜਾਣਨ ਦਾ ਇਨਸਾਈਕਲੋਪੀਡੀਆ ਕਿਹਾ ਗਿਆ। ਡਾ. ਗੁਰਮਿੰਦਰ ਸੰਧੂ ਵੱਲੋਂ ਪੁਸਤਕ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵੱਲ ਖੁੱਲ੍ਹਦੀ ਖਿੜਕੀ ਆਖਿਆ। ਸੁਰਜੀਤ ਕੌਰ ਬੈਂਸ ਵੱਲੋ ਕਿਹਾ ਗਿਆ ਕਿ ਇਹ ਕਿਤਾਬ ਰੂਹਾਂ ਦਾ ਸਫ਼ਰ ਕਰਦੀ ਹੈ। ਸਰਦਾਰਾ ਸਿੰਘ ਚੀਮਾ ਵੱਲੋਂ ਪੁਸਤਕ ‘ਤੇ ਬੋਲਦਿਆਂ ਕਿਹਾ ਗਿਆ ਕਿ ਇਹ ਪੁਸਤਕ ਨਿੱਜੀ ਜੀਵਨ ਨਾਲ ਸਬੰਧ ਰੱਖਦੀ ਹੈ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਡਾ. ਸ਼ਿੰਦਰਪਾਲ ਸਿੰਘ, ਪ੍ਰਿੰ. ਗੁਰਮੀਤ ਸਿੰਘ, ਬਲਵਿੰਦਰ ਢਿੱਲੋਂ, ਹਰਕੀਰਤ ਸਿੰਘ, ਜਤਿੰਦਰਪਾਲ ਸਿੰਘ, ਡਾ. ਬਲਦੇਵ ਸਿੰਘ ਖਹਿਰਾ, ਡਾ. ਸੁਨੀਤਾ ਰਾਣੀ, ਹਰਮਿੰਦਰ ਕਾਲੜਾ, ਗੁਰਚਰਨ ਸਿੰਘ, ਮਨਜੀਤਪਾਲ ਸਿੰਘ, ਪਾਲ ਅਜਨਬੀ, ਨਵਦੀਪ ਢਿੱਲੋਂ, ਪਰਮਿੰਦਰ ਸਿੰਘ ਮਦਾਨ, ਦਿਲਪ੍ਰੀਤ ਚਹਿਲ, ਸੰਤੋਸ਼ ਗਰਗ, ਗੁਰਮੇਲ ਸਿੰਘ ਮੌਜੇਵਾਲ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਮਨਦੀਪ ਕੌਰ ਅਤੇ ਸਤਵਿੰਦਰ ਕੌਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
No comments:
Post a Comment