ਬਠਿੰਡਾ, 7 ਦਸੰਬਰ : ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ’ਚੋਂ 4 ਦਿਨ ਦਾ ਬੱਚਾ (ਲੜਕਾ) ਚੋਰੀ ਕਰਨ ਵਾਲੀਆਂ ਦੋ ਮਹਿਲਾਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰ ਕੀਤੀਆਂ ਗਈਆਂ ਮਹਿਲਾਵਾਂ ਤੋਂ ਬੱਚਾ ਬਰਾਮਦ ਕਰਕੇ ਮਾਪਿਆਂ ਨੂੰ ਸੌਂਪ ਦਿੱਤਾ ਹੈ। ਇਸ ਸਬੰਧੀ ਐਸਐਸਪੀ ਬਠਿੰਡਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਇਹ ਗ੍ਰਿਫ਼ਤਾਰੀ ਪਿੰਡ ਕੋਠਾ ਗੁਰੂ ਕਾ ਦੀ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਦੇ ਸਹਿਯੋਗ ਸਦਕਾ ਸੰਭਵ ਹੋ ਸਕੀ ਹੈ, ਜਿੰਨ੍ਹਾਂ ਨੇ ਬੱਚਾ ਚੋਰੀ ਕਰਨ ਵਾਲੀਆਂ ਮਹਿਲਾਵਾਂ ਦੀ ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਸ਼ਨਾਖਤ ਕੀਤੀ ਸੀ।
ਇੱਥੇ ਐਸਐਸਪੀ ਬਠਿੰਡਾ ਜੇ. ਏਲਨਚੇਲੀਅਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਕੋਠਾ ਗੁਰੂ ਕਾ ਦੀ ਕੁਲਵਿੰਦਰ ਕੌਰ ਪਤਨੀ ਮੁਕੰਦ ਸਿੰਘ ਅਤੇ ਉਸਦੀ ਲੜਕੀ ਸਿਮਰਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਫਿੱਡੇ ਖੁਰਦ ਜ਼ਿਲ੍ਹਾ ਫਰੀਦਕੋਟ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮਹਿਲਾਵਾਂ ਵੱਲੋਂ ਦੱਸਣ ’ਤੇ ਪੁਲਿਸ ਨੇ ਜਸਵਿੰਦਰ ਸਿੰਘ ਉਰਫ ਗੁਰੀ ਪੁੱਤਰ ਰਾਮ ਸਿੰਘ ਵਾਸੀ ਮਲੂਕਾ ਦੇ ਘਰੋਂ ਬੱਚਾ ਵੀ ਬਰਾਮਦ ਕਰਵਾ ਲਿਆ। ਐਸਐਸਪੀ ਨੇ ਦੱਸਿਆ ਕਿ ਸਿਮਰਜੀਤ ਕੌਰ ਦੀ ਸ਼ਾਦੀ ਕਰੀਬ ਇੱਕ ਸਾਲ ਪਹਿਲਾਂ ਹਰਜਿੰਦਰ ਸਿੰਘ ਪੁੱਤਰ ਰੂੜ ਸਿੰਘ ਨਾਲ ਹੋਈ ਸੀ। ਵਿਆਹ ਤੋਂ ਕਰੀਬ 4-5 ਮਹੀਨੇ ਬਾਅਦ ਹੀ ਦੋਵਾਂ ਦਾ ਝਗੜਾ ਹੋਣ ਲੱਗ ਪਿਆ ਤਾਂ ਸਿਮਰਜੀਤ ਕੌਰ ਆਪਣੀ ਮਾਂ ਕੋਲ ਆ ਕੇ ਰਹਿਣ ਲੱਗ ਪਈ ਸੀ। ਸਿਮਰਜੀਤ ਕੌਰ ਗਰਭਵਤੀ ਹੋਣ ਕਰਕੇ ਉਸ ਨੂੰ 1 ਨਵੰਬਰ ਨੂੰ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਸੀ।
2 ਨਵੰਬਰ ਨੂੰ ਹੋਈ ਡਲਿਵਰੀ ਦੌਰਾਨ ਲੜਕੇ ਨੇ ਜਨਮ ਲਿਆ, ਜਿਸ ਨੂੰ 7 ਨਵੰਬਰ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਸੀ ਪਰ ਰਸਤੇ ’ਚ ਹੀ ਬੱਚੇ ਦੀ ਮੌਤ ਹੋ ਗਈ ਸੀ। ਬੱਚੇ ਦੀ ਮੌਤ ਬਾਰੇ ਕੁਲਵਿੰਦਰ ਕੌਰ ਬਗੈਰਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਨਹੀਂ ਸੀ। ਕੁਲਵਿੰਦਰ ਕੌਰ ਤੇ ਸਿਮਰਜੀਤ ਕੌਰ ਨੇ ਜਸਵਿੰਦਰ ਸਿੰਘ ਵਾਸੀ ਮਲੂਕਾ ਅਤੇ ਆਪਣੇ ਲੜਕੇ ਜਗਸੀਰ ਸਿੰਘ ਨਾਲ ਸਲਾਹ ਬਣਾ ਕੇ ਇਹ ਬੱਚਾ ਚੋਰੀ ਕੀਤਾ ਸੀ। 3 ਦਸੰਬਰ ਨੂੰ ਕੁਲਵਿੰਦਰ ਕੌਰ ਅਤੇ ਸਿਮਰਜੀਤ ਕੌਰ ਜੱਚਾ ਬੱਚਾ ਹਸਪਤਾਲ ਆਈਆਂ ਸੀ ਜਿੱਥੋਂ ਉਨ੍ਹਾਂ ਨੇ ਬੱਚੇ ਨੂੰ ਟੀਕੇ ਲਗਾਉਣ ਦਾ ਬਹਾਨਾ ਬਣਾ ਕੇ ਚੋਰੀ ਕੀਤਾ ਸੀ। ਚੋਰੀ ਕੀਤਾ ਬੱਚਾ ਬਬਲੀ ਪਤਨੀ ਪ੍ਰਮੋਦ ਕੁਮਾਰ ਵਾਸੀ ਬਠਿੰਡਾ ਦਾ ਸੀ। ਪੁਲਿਸ ਨੇ ਅੱਜ ਬੱਚਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਉਪਰੰਤ ਮਾਪਿਆਂ ਨੂੰ ਸੌਂਪ ਦਿੱਤਾ। ਪੁਲਿਸ ਨੇ ਬੱਚਾ ਚੋਰੀ ਦੇ ਇਸ ਮਾਮਲੇ ’ਚ ਕੁਲਵਿੰਦਰ ਕੌਰ ਅਤੇ ਸਿਮਰਜੀਤ ਕੌਰ ਤੋਂ ਇਲਾਵਾ ਜਸਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ।
No comments:
Post a Comment