ਐਸ.ਏ.ਐਸ.ਨਗਰ, 20 ਦਸੰਬਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਗਏ ਪ੍ਰੋਗਰਾਮ ਅਨੁਸਾਰ ਜਸਟਿਸ ਸ੍ਰੀ ਤੇਜਿੰਦਰ ਸਿੰਘ ਢੀਂਡਸਾ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਅਧੀਨ ਸਾਲ 2023 ਵਿਚ ਲਗਾਈ ਜਾਣ ਵਾਲੀ ਪਹਿਲੀ ਕੌਮੀ ਲੋਕ ਅਦਾਲਤ ਨੂੰ ਸਫ਼ਲ ਬਣਾਉਣ ਲਈ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ. ਨਗਰ ਵਲੋ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਦੀਆਂ ਮੀਟਿੰਗਾਂ ਵਿਚ ਅਮਿਤ ਤਲਵਾੜ, ਡਿਪਟੀ ਕਮਿਸ਼ਨਰ, ਅਮਨਦੀਪ ਬਰਾੜ, ਐਸ.ਪੀ. (ਹੈਡਕੁਆਟਰ), ਸੁਖਦੀਪ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ, ਵਿਪਨ ਭੰਡਾਰੀ, ਜਿਲ੍ਹਾ ਮਾਲ ਅਫਸਰ, ਬੈਂਕ ਅਧਿਕਾਰੀ, ਵਾਟਰ ਸਪਲਾਈ ਅਤੇ ਸੈਨੇਟੇਸ਼ਨ, ਬੀਮਾ ਕੰਪਨੀਆਂ, ਕਿਰਤ ਵਿਭਾਗ ਅਤੇ ਟੈਲੀਕਾਮ ਕੰਪਨੀਆਂ ਦੇ ਅਧਿਕਾਰੀ ਸ਼ਾਮਲ ਹੋਏ।
ਮੀਟਿੰਗਾਂ ਵਿਚ ਸ਼ਾਮਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ/ਪ੍ਰਤੀਨਿਧੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਲੋਕ ਅਦਾਲਤ ਵਿਚ ਅਦਾਲਤਾਂ ਵਿਚ ਲੰਬਤ ਕੇਸਾਂ ਦੇ ਨਾਲ-ਨਾਲ ਅਜਿਹੇ ਕੇਸ ਵਿਚ ਸਮਝੌਤੇ ਲਈ ਲਗਾਏ ਜਾ ਸਕਦੇ ਹਨ ਜਿਹੜੇ ਕਿ ਅਜੇ ਮੁੱਢਲੀ ਸਟੇਜ ਤੇ ਹਨ। ਅਜਿਹੇ ਕੇਸ ਜਿਨ੍ਹਾਂ ਦਾ ਲੋਕ ਅਦਾਲਤ ਵਿਚ ਨਿਪਟਾਰਾ ਹੋ ਜਾਂਦਾ ਹੈ, ਨੂੰ ਅਦਾਲਤ ਦੀ ਡਿਕਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ। ਪੁਲਿਸ ਕਪਤਾਨ, ਐਸ.ਏ.ਐਸ. ਨਗਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕ੍ਰਿਮੀਨਲ ਕੰਪਾਂਉਂਡੇਬਲ ਕੇਸ ਅਤੇ ਕੈਂਸਲੇਸ਼ਨ ਰਿਪੋਰਟਾਂ ਜਿਹੜੀਆਂ ਕਿ ਪਾਰਟੀਆਂ ਦੇ ਆਪਸੀ ਸਮਝੌਤਿਆਂ ਤੇ ਅਧਾਰਤ ਹਨ, ਲੋਕ ਅਦਾਲਤ ਵਿਚ ਨਿਪਟਾਰੇ ਲਈ ਰੱਖੇ ਜਾ ਸਕਦੇ ਹਨ। ਮੀਟਿੰਗਾਂ ਵਿਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋਕ ਅਦਾਲਤ ਰਾਹੀਂ ਵੱਧ ਤੋਂ ਵੱਧ ਕੇਸ ਨਿਪਟਾਰੇ ਲਈ ਲਗਾਏ ਜਾਣ ਲਈ ਪ੍ਰੇਰਿਤ ਕੀਤਾ ਗਿਆ।
No comments:
Post a Comment