SBP GROUP

SBP GROUP

Search This Blog

Total Pageviews

ਹਰ ਸਾਲ ਦਸੰਬਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਐਨ.ਆਰ.ਆਈ. ਮਿਲਣੀ ਸਮਾਗਮ ਕੀਤੇ ਜਾਣਗੇ ਆਯੋਜਿਤ : ਕੁਲਦੀਪ ਸਿੰਘ ਧਾਲੀਵਾਲ

 ਐਸ.ਏ.ਐਸ. ਨਗਰ, 19 ਦਸੰਬਰ : ਪ੍ਰਵਾਸੀ ਪੰਜਾਬੀਆਂ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਾਮਲਿਆਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਮਿੱਥੇ ਸਮੇਂ ਵਿੱਚ ਨਿਪਟਾਰਾ ਕੀਤੇ ਜਾਣ ਲਈ ਪੰਜਾਬ ਸਰਕਾਰ ਵਿਸ਼ੇਸ਼਼ ਪਾਲਿਸੀ ਤਿਆਰ ਕਰ ਰਹੀ ਹੈ। ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਤੇ ਉਸ ਦੇ ਹੱਲ ਲਈ ਪੰਜਾਬ ਸਰਕਾਰ ਹਰ ਸਾਲ ਦਸੰਬਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਦੋ ਵਾਰ ਐਨ.ਆਰ.ਆਈ. ਮਿਲਣੀਆਂ ਆਯੋਜਿਤ ਕਰੇਗੀ। ਪੰਜਾਬ ਸਰਕਾਰ ਦੀ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਵਸ ਰਹੇ ਪੰਜਾਬੀਆਂ ਨੂੰ ਇਹ ਸੱਦਾ ਦਿੰਦੀ ਹੈ ਕਿ ਪੰਜਾਬ ਤੁਹਾਡਾ ਹੈ, ਤੁਸੀਂ ਪੰਜਾਬ ਆਓ, ਪੰਜਾਬ ਸਰਕਾਰ ਤੁਹਾਡੀਆਂ ਜ਼ਮੀਨਾਂ ਦੀ ਰਾਖੀ, ਤੁਹਾਡੇ ਜਾਨ ਮਾਲ ਦੀ ਰਾਖੀ ਅਤੇ ਤੁਹਾਡੇ ਕਾਰੋਬਾਰ ਦੀ ਰਾਖੀ ਲਈ ਵਚਨਵੱਧ ਹੈ।



          ਇਹ ਬਿਆਨ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਐਸ.ਏ.ਐਸ. ਨਗਰ ਵਿੱਚ ਸਥਿਤ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਗਏ “ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ” ਪ੍ਰੋਗਰਾਮ ਐਨ.ਆਰ.ਆਈ ਪੰਜਾਬੀਆਂ ਨੂੰ ਸੰਬੋਧਨ ਕਰਦਿਆ ਦਿੱਤਾ। ਅੱਜ ਦੇ ਸਮਾਗਮ ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ, ਜ਼ਿਲ੍ਹਾ ਰੂਪਨਗਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜਿਲ੍ਹਿਆਂ ਨਾਲ ਸਬੰਧਤ ਪ੍ਰਵਾਸੀਆਂ ਪੰਜਾਬੀਆਂ ਵੱਲੋਂ ਸ਼ਿਰਕਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਫੈਸਲਾ ਲਿਆ ਕਿ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰੀ ਦਫਤਰਾਂ, ਸਕੱਤਰੇਤਾਂ ਵਿੱਚ ਮੰਤਰੀਆਂ ਦੇ ਦਫਤਰਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ, ਇਸਲਈ ਸਰਕਾਰ ਨੇ ਫੈਸਲਾ ਕੀਤਾ ਕਿ ਸਰਕਾਰ ਖੁਦ ਪ੍ਰਵਾਸੀ ਪੰਜਾਬੀਆਂ ਦੇ ਜ਼ਿਲ੍ਹਿਆਂ ਵਿੱਚ ਜਾ ਕੇ ਉਨ੍ਹਾਂ ਦੇ ਮਸਲੇ ਹੱਲ ਕਰੇਗੀ ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ ਵਿੱਚ 16 ਦਸੰਬਰ ਨੂੰ ਕੀਤੇ ਗਏ ਪ੍ਰੋਗਰਾਮ ਤੋਂ ਬਾਅਦ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਪ੍ਰਵਾਸੀ ਪੰਜਾਬੀਆਂ ਨਾਲ ਮਿਲਣੀ ਦਾ ਸਮਾਗਮ ਕਰਵਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਰਕਾਰ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਪ੍ਰਵਾਸੀਆਂ ਦੇ ਮੁੱਖ ਮਸਲੇ ਉਨ੍ਹਾਂ ਦੀਆਂ ਜਮੀਨ-ਜਾਇਦਾਦਾਂ, ਕਾਰੋਬਾਰ ਅਤੇ ਪਰਿਵਾਰਕ ਝਗੜੇ ਹਨ। । ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਕੰਟਰੈਕਟ ਵਿਆਹ ਦਾ ਟਰੈਂਡ ਸਾਹਮਣੇ ਆਇਆ ਹੈ ਅਜਿਹੇ ਕੇਸਾਂ ਵਿੱਚ ਆਈਲੈਂਟਸ ਪਾਸ ਕੁੜੀ ਨਾਲ ਕੰਟਰੈਕਟ ਵਿਆਹ ਕਰਕੇ ਮੁੰਡੇ ਵਾਲੇ ਉਸ ਨੂੰ ਬਾਹਰ ਭੇਜਦੇ ਹਨ ਪਰ ਮਗਰੋਂ ਕੁੜੀ ਦੇ ਬਾਹਰ ਜਾਣ ਤੇ ਉਨ੍ਹਾਂ ਦਾ ਆਪਸੀ ਝਗੜਾ ਹੋ ਜਾਂਦਾ ਹੈ ਅਤੇ ਕੁੜੀ ਮੁੰਡੇ ਨੂੰ ਬਾਹਰ ਲਿਜਾਉਣ ਤੋਂ ਮੁਨਕਰ ਹੋ ਜਾਂਦੀ ਹੈ। ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪ੍ਰਵਾਸੀ ਪੰਜਾਬ ਜੋ ਵਿਦੇਸ਼ ਵਿੱਚ ਬੈਠਾ ਹੈ ਅਤੇ ਉਸਦਾ ਪੰਜਾਬ ਨਾਲ ਸਬੰਧਤ ਕੋਈ ਵੀ ਮਾਮਲਾ ਪੈਡਿੰਗ ਹੈ ਤਾਂ ਇਹ ਜ਼ਰੂਰੀ ਨਹੀਂ ਉਹ ਨਿੱਜੀ ਤੌਰ ਤੇ ਪੰਜਾਬ ਆ ਕੇ ਸਾਡੇ ਅੱਗੇ ਪੇਸ਼ ਹੋ ਕੇ ਆਪਣੇ ਮਸਲੇ ਦੇ ਹੱਲ ਲਈ ਫਰਿਆਦ ਕਰਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਪਿੰਡਾਂ ਵਿੱਚ ਰਹਿੰਦੇ ਆਪਣੇ ਸਾਕ ਸਬੰਧੀਆਂ ਰਾਹੀਂ ਆਪਣੀਆਂ ਦਰਖਾਸਤਾਂ ਸਾਡੇ ਸਾਹਮਣੇ ਪੇਸ਼ ਕਰ ਸਕਦੇ ਹਨ ਅਤੇ ਸਰਕਾਰ ਮਿੱਥੇ ਸਮੇਂ ਵਿੱਚ ਉਨ੍ਹਾਂ ਦੇ ਮਸਲਿਆਂ ਦਾ ਨਿਪਟਾਰਾ ਕਰੇਗੀ।


          ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਨ.ਆਰ.ਆਈਜ਼  ਦੇ ਕੇਸਾਂ ਲਈ ਵਿਸ਼ੇਸ਼ ਫਾਸਟ ਟਰੈਕ ਕੋਰਟਾਂ ਦੀ ਸਥਾਪਨਾ ਛੇਤੀ ਤੋਂ ਛੇਤੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੇ ਮਾਮਲੇ ਘੱਟੋ-ਘੱਟ ਸਮੇਂ ਵਿੱਚ ਨਿਪਟਾਏ ਜਾ ਸਕਣ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਬੱਚ ਸਕੇ। ਪੰਜਾਬ ਤੋਂ ਕੇਨੈਡਾ ਨੂੰ ਫਲਾਈਟਾਂ ਸ਼ੁਰੂ ਕਰਨ ਅਤੇ ਈ-ਵੀਜ਼ਾ ਦੀ ਸਹੂਲਤ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਪੇਸ਼ ਦਿੱਕਤਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਹ ਦੋਵੇਂ ਮਸਲੇ ਕੇਂਦਰ ਸਰਕਾਰ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਜ਼ਿਲ੍ਹਾ ਪੱਧਰ ’ਤੇ ਮਸਲਿਆਂ ਦੀ ਸੁਣਵਾਈ ਲਈ ਪੰਜਾਬ ਸਰਕਾਰ ਵਲੋਂ ਨੋਡਲ ਅਫ਼ਸਰ ਨਿਯੁਕਤ ਕੀਤੇ ਜਾ ਰਹੇ ਹਨ ਜਿਹੜੇ ਸਿਰਫ਼ ਐਨ.ਆਰ.ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਆਦਿ ਦਾ ਸਮੇਂ ਸਿਰ ਢੁਕਵੇਂ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣਗੇ।


                ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਦੌਰਾਨ ਵੱਖ-ਵੱਖ ਜਿਲਿਆਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਜ਼ਿਲ੍ਹਾ ਵਾਰ ਕਾਊਂਟਰ ਸਥਾਪਿਤ ਕੀਤੇ ਗਏ ਸਨ ਜਿਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੇ ਮਸਲੇ ਸੁਣਕੇ ਹੱਲ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆ ਰਹੇ ਸਨ। ਇਸ ਦੌਰਾਨ 74 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਕੀਤੀ ਗਈ।


 ਕੈਬਨਿਟ ਮੰਤਰੀ ਨੇ ਐਨ.ਆਰ.ਆਈਜ਼ ਨੂੰ ਤਾਕੀਦ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਲਣੀ ਪ੍ਰੋਗਰਾਮ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ 23 ਦਸੰਬਰ ਨੂੰ ਲੁਧਿਆਣਾ, 26 ਦਸੰਬਰ ਨੂੰ ਮੋਗਾ ਅਤੇ 30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਿਲਣੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਲਈ ਐਨ.ਆਰ.ਆਈਜ਼ ਆਨਲਾਈਨ ਜਾਂ ਮੌਕੇ ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।


ਸਿਹਤ ਤੇ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜੇ ਮਾਜਰਾ, ਹਲਕਾ ਮੋਹਾਲੀ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ, ਹਲਕਾ ਡੇਰਾਬੱਸੀ ਤੋਂ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ, ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ, ਆਪ ਆਗੂ ਸ੍ਰੀਮਤੀ ਪ੍ਰਭਜੋਤ ਕੌਰ ,ਹਰਸੁਖਇੰਦਰ ਸਿੰਘ ਬੱਬੀ ਬਾਦਲ ਆਦਿ ਮੌਜੂਦ ਸਨ।


ਇਸ ਮੌਕੇ ਵੱਖ-ਵੱਖ ਮੁਲਕਾਂ ਤੋਂ ਆਏ ਐਨ.ਆਰ.ਆਈਜ਼ ਤੋਂ ਇਲਾਵਾ ਐਨ.ਆਰ.ਆਈ.ਵਿਭਾਗ ਦੇ ਪ੍ਰਮੁੱਖ ਸਕੱਤਰ ਜੇ.ਬਾਲਾਮੁਰੂਗਨ, ਏ.ਡੀ.ਜੀ.ਪੀ. ਐਨ.ਆਰ.ਆਈ.ਵਿੰਗ ਪ੍ਰਵੀਨ ਕੁਮਾਰ ਸਿਨਹਾ, ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਸ੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਰੂਪਨਗਰ, ਮੈਡਮ ਪ੍ਰੀਤੀ ਯਾਦਵ, ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਸ੍ਰੀਮਤੀ ਪਰਨੀਤ ਸ਼ੇਰਗਿੱਲ, ਸੀਨੀਅਰ ਪੁਲਿਸ ਕਪਤਾਨ, ਐਸ.ਏ.ਐਸ. ਨਗਰ ਸ੍ਰੀ ਸੰਦੀਪ ਗਰਗ,ਸੀਨੀਅਰ ਪੁਲਿਸ ਕਪਤਾਨ, ਫਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਕਮਿਸ਼ਨਰ ਨਗਰ ਨਿਗਮ, ਐਸ.ਏ.ਐਸ. ਨਗਰ, ਸ੍ਰੀਮਤੀ ਨਵਜੋਤ ਕੌਰ, ਮੁੱਖ ਪ੍ਰਸ਼ਾਸਕ ਗਮਾਡਾ, ਸ੍ਰੀ ਅਮਨਦੀਪ ਬਾਂਸਲ , ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਪ੍ਰੀਤ ਸਿੰਘ ਥਿੰਦ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

No comments:


Wikipedia

Search results

Powered By Blogger