ਐਸ.ਏ.ਐਸ. ਨਗਰ, 24 ਦਸੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨਾਲ਼ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਵਿਦਿਆਰਥੀਆਂ, ਸਿੱਖਿਆ ਅਤੇ ਅਧਿਆਪਕ ਮੰਗਾਂ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਜਿਸ ਦੌਰਾਨ ਕੰਟਰੋਲਰ (ਪ੍ਰੀਖਿਆਵਾਂ ) ਜਨਕ ਰਾਜ ਮਹਿਰੋਕ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਰਹੇ।
ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਬੇਅੰਤ ਫੁੱਲੇਵਾਲ ਅਤੇ ਜਗਪਾਲ ਬੰਗੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਦੇ ਪਾਠ-ਕ੍ਰਮਾਂ ਨੂੰ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਲੋੜਾਂ `ਤੇ ਕੇਂਦਰਿਤ ਰੱਖਣ ਸਬੰਧੀ ਰੱਖੀਆਂ ਦਲੀਲਾਂ ਨਾਲ਼ ਸਹਿਮਤ ਹੁੰਦਿਆਂ, ਬੋਰਡ ਦੀ ਅਕਾਦਮਿਕ ਕੌਂਸਿਲ ਨਾਲ਼ ਮੁਲਾਕਾਤ ਕਰਵਾਕੇ ਸੁਝਾਅ ਲਾਗੂ ਕਰਨ 'ਤੇ ਸਹਿਮਤੀ ਜਤਾਈ ਹੈ। ਚਾਰ ਸਾਹਿਬਜ਼ਾਦਿਆਂ, ਭਗਤ ਰਵਿਦਾਸ, ਬਾਬਾ ਜੀਵਨ ਸਿੰਘ, ਮਾਈ ਭਾਗੋ, ਸਵਿੱਤਰੀ ਬਾਈ ਫੁੱਲੇ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ, ਸ਼ਹੀਦ ਉੱਧਮ ਸਿੰਘ, ਸ਼ਹੀਦ ਕਰਤਾਰ ਸਰਾਭਾ ਅਤੇ ਡਾ. ਬੀ.ਆਰ. ਅੰਬੇਦਕਰ ਆਦਿ, ਦੇ ਜੀਵਨ ਤੇ ਵਿਚਾਰਾਂ ਨੂੰ ਪਾਠ-ਕ੍ਰਮ ਵਿੱਚ ਢੁੱਕਵੀਂ ਥਾਂ ਦੇਣ 'ਤੇ ਸਹਿਮਤੀ ਦਿੱਤੀ ਗਈ ਹੈ। ਇਸੇ ਤਰਾਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇਤਿਹਾਸਕ ਜੇਤੂ ਕਿਸਾਨ ਘੋਲ ਨੂੰ ਸਿਲੇਬਸ ਵਿੱਚ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪੰਜਾਬ ਦੀਆਂ ਸਥਾਨਕ ਲੋੜਾਂ ਅਨੁਸਾਰ ਆਪਣੀ ਸਿੱਖਿਆ ਨੀਤੀ ਤਿਆਰ ਕਰਨ ਸਬੰਧੀ ਸਰਕਾਰ ਤੱਕ ਮੰਗ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ।
ਵਿੱਦਿਅਕ ਸ਼ੈਸ਼ਨ 2023-24 ਤੋਂ ਪਹਿਲਾਂ ਸਾਰੀਆਂ ਪਾਠ ਪੁਸਤਕਾਂ ਫਰਵਰੀ ਦੇ ਅੰਤ ਤੱਕ ਸਿੱਖਿਆ ਬਲਾਕਾਂ ਤੱਕ ਪੁੱਜਦੀਆਂ ਕਰਨ ਅਤੇ 10+1, +2 ਦੇ ਇਲੈਕਟਿਵ ਵਿਸ਼ਿਆਂ ਦੀਆਂ ਕਿਤਾਬਾਂ ਦੀ ਛਪਾਈ ਵੀ ਬੋਰਡ ਵੱਲੋਂ ਕਰਨ ਦੀ ਮੰਗ ਤਹਿਤ ਅਰਥਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਦੀਆਂ ਕਿਤਾਬਾਂ ਅਗਲੇ ਸੈਸ਼ਨ ਤੋਂ ਹੀ ਭੇਜੀਆਂ ਜਾਣਗੀਆਂ। ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਕਾਰਨ ਅੱਠਵੀਂ ਬੋਰਡ ਪ੍ਰੀਖਿਆ ਲਈ ਅਗਲੇ ਸੈਸ਼ਨ ਤੋਂ ਸੈਲਫ ਸੈਂਟਰ ਬਨਾਉਣ ਅਤੇ ਦਸਵੀਂ/ਬਾਰਵੀਂ ਸਬੰਧੀ ਸਰਕਾਰ ਦੇ ਪੱਧਰ 'ਤੇ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਕੰਪਿਊਟਰ ਸਿੱਖਿਆ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕੰਪਿਊਟਰ ਮੁਹਾਰਤ ਹੋਣ ਦਾ ਸਰਟੀਫਿਕੇਟ ਜਾਰੀ ਕਰਨ 'ਤੇ ਸਿਧਾਂਤਕ ਸਹਿਮਤੀ ਦਿੱਤੀ ਗਈ ਹੈ।
ਪ੍ਰੀਖਿਆ ਡਿਊਟੀਆਂ ਸਬੰਧਤ ਸਿੱਖਿਆ ਬਲਾਕ ਦੇ ਅੰਦਰ ਹੀ ਲਗਾਓਣ ਅਤੇ ਬੇਲੋੜੀ ਵਿਜੀਲੈਂਸ ਡਿਊਟੀ ਨੂੰ ਇਸੇ ਸੈਸ਼ਨ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਪੇਪਰ ਚੈਕਿੰਗ ਨੂੰ ਦਬਾਅ ਮੁਕਤ ਰੱਖਣ ਲਈ ਅਲਾਟ ਪੇਪਰਾਂ ਦੀ ਗਿਣਤੀ 200 ਪ੍ਰਤੀ ਅੱਠ ਦਿਨਾਂ ਤੋਂ ਵਧਾ ਕੇ ਪ੍ਰਤੀ ਦਸ ਦਿਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪ੍ਰੀਖਿਆ ਡਿਊਟੀਆਂ ਅਤੇ ਪੇਪਰ ਚੈਕਿੰਗ ਦੇ ਮਿਹਨਤਾਨੇ ਵਧਾਉਣ ਅਤੇ ਵਿਦਿਆਰਥੀਆਂ ਦੀਆਂ ਫੀਸਾਂ, ਜੁਰਮਾਨੇ, ਲੇਟ ਫੀਸਾਂ ਤਰਕਸੰਗਤ ਢੰਗ ਨਾਲ ਘਟਾਉਣ ਅਤੇ ਪ੍ਰਯੋਗੀ ਪ੍ਰੀਖਿਆ ਫੀਸ ਬੰਦ ਕਰਨ ਦੀ ਮੰਗ ਕੀਤੀ ਗਈ। ਬੋਰਡ ਦੇ ਸਰਟੀਫਿਕੇਟਾਂ ਨੂੰ ਪੂਰੀ ਤਰ੍ਹਾਂ ਮੁਫਤ ਦੇਣ ਅਤੇ ਪੰਜਾਬ ਸਰਕਾਰ ਤੋਂ ਬੋਰਡ ਨੂੰ ਮਿਲਦੀ ਗਰਾਂਟ ਇਨ ਏਡ ਸਮੇਂ ਸਿਰ ਜਾਰੀ ਕਰਵਾਉਣ ਦੀ ਮੰਗ ਵੀ ਰੱਖੀ ਗਈ । ਦਾਖਲੇ, ਰਜਿਸਟ੍ਰੇਸ਼ਨ, ਕੰਟੀਨਿਊਸ਼ਨ ਅਤੇ ਦਰੁਸਤੀ ਦੇ ਸ਼ਡਿਊਲ ਵਿੱਚ ਵੱਖ-2 ਮਿਤੀਆਂ ਨੂੰ ਟਕਰਾਵਾਂ ਨਾ ਰੱਖਣ ਅਤੇ ਪ੍ਰਕਿਰਿਆ ਨੂੰ ਆਸਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਜਥੇਬੰਦੀ ਦੇ ਵਫ਼ਦ ਵਿੱਚ ਡਾ. ਹਰਦੀਪ ਟੋਡਰਪੁਰ (ਜਨਰਲ ਸਕੱਤਰ ਡੀ.ਐੱਮ.ਐੱਫ.), ਡੀ.ਟੀ.ਐੱਫ. ਦੇ ਸੂਬਾ ਆਗੂ ਪ੍ਰਿੰ: ਲਖਵਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਨਿਰਮਲ ਚੌਹਾਨਕੇ, ਗਿਆਨ ਚੰਦ ਅਤੇ ਬਲਜਿੰਦਰ ਪ੍ਰਭੂ ਵੀ ਸ਼ਾਮਿਲ ਰਹੇ।
No comments:
Post a Comment