ਐਸ.ਏ.ਐਸ ਨਗਰ 30 ਜਨਵਰੀ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਰਾਜਿੰਦਰ ਹੈਪੀ ਦੀ ਪੁਸਤਕ ‘ਬਾਲ ਰੀਝਾਂ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਦਰਸ਼ਨ ਸਿੰਘ ਆਸ਼ਟ (ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ) ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਡਾ. ਸਤਿਨਾਮ ਸਿੰਘ ਸੰਧੂ (ਡੀਨ ਅਲੂਮਨੀ ਐਸੋਸੀਏਸ਼ਨ, ਪ੍ਰਫ਼ੈਸਰ ਅਤੇ ਮੁਖੀ, ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਪ੍ਰੀਤ ਕੌਰ ਬਰਾੜ(ਅਸਿਸਟੈਂਟ ਪ੍ਰਫ਼ੈਸਰ, ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ)ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਬਾਲ ਸਾਹਿਤ ਦੇ ਭਵਿੱਖ ਅਤੇ ਚੁਣੌਤੀਆਂ ਆਦਿ ਬਾਰੇ ਗੱਲ ਕਰਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਉਹਨਾਂ ਵੱਲੋਂ ਪੁਸਤਕ ਦੇ ਲੇਖਕ ਰਾਜਿੰਦਰ ਹੈਪੀ ਨੂੰ ‘ਬਾਲ ਰੀਝਾਂ’ ਦੇ ਲੋਕ ਅਰਪਣ ਹੋਣ ਦੀ ਮੁਬਾਰਕਬਾਦ ਦਿੰਦਿਆਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਵੀ ਸਾਂਝੀ ਕੀਤੀ ਗਈ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂਅਤੇ ਪਤਵੰਤਿਆਂ ਵੱਲੋਂ ਰਾਜਿੰਦਰ ਹੈਪੀ ਦੀ ਕਾਵਿ-ਪੁਸਤਕ ‘ਬਾਲ ਰੀਝਾਂ’ਨੂੰ ਲੋਕ ਅਰਪਣ ਵੀ ਕੀਤਾ ਗਿਆ।
ਪ੍ਰੋ. ਗੁਰਜੋਧ ਕੌਰ ਵੱਲੋਂ ਪਰਚੇ ਨੂੰ ਪੜ੍ਹਨ ਦੌਰਾਨ ਪੁਸਤਕ ਬਾਰੇ ਬੋਲਦਿਆਂ ਕਿਹਾ ਗਿਆ ਕਿ ਇਹ ਪੁਸਤਕ ਬਹੁਤ ਹੀ ਆਕਰਸ਼ਿਤ ਕਰਨ ਵਾਲੀ ਹੈ। ਲੇਖਕ ਨੇ ਆਪਣੀਆਂ ਕਵਿਤਾਵਾਂ ਦੇ ਵਿਸ਼ਿਆਂ ਜ਼ਰੀਏ ਨੈਤਿਕ ਸਿੱਖਿਆ ਦੇ ਨਾਲ-ਨਾਲ ਰਿਸ਼ਤਿਆਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਅਹਿਮ ਹਿੱਸਾ ਹੈ। ਡਾ. ਸੁਨੀਤਾ ਰਾਣੀ ਨੇ ਇਸ ਕਾਵਿ-ਪੁਸਤਕ ਦੇ ਭਾਵ ਅਤੇ ਚਿੱਤਰਾਂ ਨੂੰ ਭਾਂਪਦਿਆਂ ਪ੍ਰਕਿਰਤੀ ਦੇ ਮੋਹ ਵਿੱਚ ਭਿੱਜਿਆ ਬਾਲ-ਕਾਵਿ ਕਿਹਾ ਅਤੇ ਕਵਿਤਾਵਾਂ ਦਾ ਕਾਵਿ-ਪਾਠ ਕੀਤਾ। ਡਾ. ਦਰਸ਼ਨ ਸਿੰਘ ਆਸ਼ਟਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਕਿਹਾ ਕਿ ਅਜੋਕਾ ਬਾਲ ਸਾਹਿਤ ਸਮੇਂ ਦੇ ਅਨੁਸਾਰ ਬਦਲਾਅ ਦੀ ਮੰਗ ਕਰਦਾ ਹੈ ਕਿਉਂਕਿ ਬਾਲ ਸਾਹਿਤ ਦਾ ਮਨੋਰਥ ਬੱਚੇ ਦੀ ਸਰਬਪੱਖੀ ਸ਼ਖਸੀਅਤ ਨੂੰ ਘੜ੍ਹਨਾ ਹੁੰਦਾ ਹੈ ਜਿਸ ਵਿੱਚ ਰਾਜਿੰਦਰ ਹੈਪੀ ਦੀ ਪੁਸਤਕ ਨੇ ਵੱਡਾ ਯੋਗਦਾਨ ਪਾਇਆ ਹੈ। ਡਾ. ਸਤਿਨਾਮ ਸਿੰਘ ਸੰਧੂ ਵੱਲੋਂ' ਬਾਲ ਰੀਝਾਂ' ਪੁਸਤਕ ਨੂੰ ਖੁਸ਼ਆਮਦੀਦ ਕਹਿੰਦੇ ਹੋਏ ਕਿਹਾ ਗਿਆ ਕਿ ਇਹ ਕਵਿਤਾਵਾਂ ਬੱਚਿਆਂ ਦੀਆਂ ਲੋੜਾਂ ਨੂੰ ਸਮਝ ਕੇ ਸਰਲ ਭਾਸ਼ਾ ਵਿਚ ਲਿਖੀਆਂ ਗਈਆਂ ਹਨ। ਡਾ. ਗੁਰਪ੍ਰੀਤ ਕੌਰ ਬਰਾੜ ਵੱਲੋਂ ਕਿਹਾ ਗਿਆ ਕਿ ਹਥਲੀ ਬਾਲ ਪੁਸਤਕ ਵਿਚਲੀਆਂ ਕਵਿਤਾਵਾਂ ਤਸਵੀਰਾਂ ਦੀ ਵਿਉਂਤਬੰਦੀ ਨਾਲ ਮੌਸਮਾਂ, ਮਹੀਨਿਆਂ, ਰੁੱਤਾਂ, ਰੁੱਖਾਂ, ਕੁਦਰਤੀ ਵਾਤਾਵਰਣ ਬਾਰੇ ਜਾਣਕਾਰੀ ਦੇ ਨਾਲ-ਨਾਲ ਸਾਦਗੀ ਤੇ ਸਬਰ ਦੇ ਗੁਣ ਸਿਖਾਉਂਦੀਆਂ ਹਨ।
ਹਥਲੀ ਪੁਸਤਕ ਉੱਪਰ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਸ਼੍ਰੀਮਤੀ ਤਜਿੰਦਰ ਕੌਰ ਅਨੁਸਾਰ ਇਹ ਪੁਸਤਕ ਬੱਚਿਆਂ ਨੂੰ ਫੋਨ ਨਾਲੋਂ ਤੋੜ ਕੇ ਕਿਤਾਬਾਂ ਨਾਲ ਜੋੜਨ ਦਾ ਵਧੀਆ ਉਪਰਾਲਾ ਹੈ। ਉੱਘੇ ਕਵੀ ਗੁਰਪ੍ਰੀਤ ਵੱਲੋਂ ਲੇਖਕ ਨੂੰ ਮੁਬਾਰਕਬਾਦ ਦਿੰਦੇ ਹੋਏ ਬਾਲ-ਸਾਹਿਤ ਲਈ ਭਵਿੱਖ ਵਿਚ ਵੀ ਕਾਰਜਸ਼ੀਲ ਰਹਿਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।‘ਬਾਲ ਰੀਝਾਂ’ ਪੁਸਤਕ ਦੇ ਲੇਖਕ ਰਾਜਿੰਦਰ ਹੈਪੀ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਇਹ ਪੁਸਤਕ ਸਰਲ ਤੇ ਸਪਸ਼ਟ ਸ਼ੈਲੀ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਬੱਚੇ ਭਵਿੱਖ ਵਿਚ ਚੰਗੇ ਪਾਠਕ ਬਣ ਸਕਣ।ਇਨ੍ਹਾਂ ਤੋਂ ਇਲਾਵਾ ਬਲਵਿੰਦਰ ਸਿੰਘ ਢਿੱਲੋਂ ਵੱਲੋਂ 'ਬਾਲ ਰੀਝਾਂ' ਪੁਸਤਕ ਵਿਚਲੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਪੁਸਤਕ ਨੂੰ ਖੁਸ਼ਆਮਦੀਦ ਕਿਹਾ ਗਿਆ। ਸਰਦਾਰਾ ਸਿੰਘ ਚੀਮਾ ਵੱਲੋਂ ਪੁਸਤਕ ਦੇ ਹਵਾਲੇ ਨਾਲ ਭਾਸ਼ਾਈ ਨੁਕਤੇ ਸਾਂਝੇ ਕੀਤੇ ਗਏ। ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਹਥਲੀ ਪੁਸਤਕ ਬਾਬਤ ਕਿਹਾ ਗਿਆ ਕਿ ਲੇਖਕ ਨੇ ਬੱਚਿਆਂ ਦੇ ਭਾਵਾਂ ਨੂੰ ਜ਼ੁਬਾਨ ਦਿੱਤੀ ਹੈ।
ਇਸ ਮੌਕੇ ਸ਼ੇਰ ਸਿੰਘ, ਪਰਮਿੰਦਰ ਸਿੰਘ ਮਦਾਨ, ਗੁਰਮੇਲ ਸਿੰਘ ਮੋਜੋਵਾਲ, ਜਤਿੰਦਰ ਸਿੰਘ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਵੱਲੋਂ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
No comments:
Post a Comment