ਚੰਡੀਗੜ੍ਹ, ਜਨਵਰੀ 23 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਅੱਜ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਸਾਰੇ ਵਿੰਗ ਪ੍ਰਧਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਸੋਮਵਾਰ ਨੂੰ ਹੋਈ ਸੰਗਠਨ ਦੀ ਇਸ ਮੀਟਿੰਗ ਵਿੱਚ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਤੋਂ ਇਲਾਵਾ 'ਆਪ' ਪੰਜਾਬ ਦੇ ਸਕੱਤਰ ਡਾ ਸੰਨੀ ਆਹਲੂਵਾਲੀਆ ਅਤੇ ਸਕੱਤਰ ਸ਼ਮਿੰਦਰ ਸਿੰਘ ਖਿੰਡਾ ਵੀ ਮੌਜੂਦ ਰਹੇ। ਮੀਟਿੰਗ ਦੇ ਮੁੱਖ ਏਜੰਡੇ ਤਹਿਤ ਸੂਬੇ ਵਿਚ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ ਲਈ ਸਾਰੇ ਵਿੰਗ ਅਹੁਦੇਦਾਰਾਂ ਨੂੰ ਉਤਸ਼ਾਹਿਤ ਕੀਤਾ ਗਿਆ।
ਇਸ ਦੇ ਨਾਲ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਗਾਮੀ ਜਲੰਧਰ ਜ਼ਿਮਨੀ ਚੋਣ ਲਈ ਰੂਪ ਰੇਖਾ ਉਲੀਕਣ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਹਰਚੰਦ ਸਿੰਘ ਬਰਸਟ ਵੱਲੋਂ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ ਗਿਆ ਕਿ ਪਾਰਟੀ ਦੇ ਹਰ ਵਿੰਗ ਦਾ ਮਕਸਦ ਆਮ ਲੋਕਾਂ ਲਈ ਕੰਮ ਕਰਨਾ ਹੈ ਅਤੇ ਇਸੇ ਕੰਮ ਦੇ ਆਧਾਰ 'ਤੇ ਉਨ੍ਹਾਂ ਨੂੰ ਪਾਰਟੀ ਵਿੱਚ ਅਹੁਦੇ ਦਿੱਤੇ ਜਾਂਦੇ ਹਨ। ਉਨ੍ਹਾਂ ਵਿੰਗ ਪ੍ਰਧਾਨਾਂ ਨੂੰ ਆਪਣੇ ਪੱਧਰ 'ਤੇ ਵੀ ਮੀਟਿੰਗਾਂ ਕਰਕੇ ਆਮ ਲੋਕਾਂ ਦੇ ਮਸਲਿਆਂ ਦੇ ਹੱਲ ਅਤੇ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਸੱਦਾ ਦਿੱਤਾ।
ਇਸ ਮੀਟਿੰਗ ਵਿੱਚ ਸਾਬਕਾ ਕਰਮਚਾਰੀ ਵਿੰਗ ਦੇ ਪ੍ਰਧਾਨ ਹਰਭਜਨ ਸਿੰਘ ਈਟੀਓ, ਟਰਾਂਸਪੋਰਟ ਵਿੰਗ ਪ੍ਰਧਾਨ ਦਲਬੀਰ ਸਿੰਘ ਟੌਂਗ, ਟ੍ਰੇਡ ਵਿੰਗ ਰਮਨ ਮਿੱਤਲ ਅਤੇ ਅਨਿਲ ਠਾਕੁਰ, ਕਿਸਾਨ ਵਿੰਗ ਪ੍ਰਧਾਨ ਗੁਰਜੀਤ ਗਿੱਲ, ਵਪਾਰ ਮੰਡਲ ਪ੍ਰਧਾਨ ਵਿਨੀਤ ਵਰਮਾ, ਬੀ ਸੀ ਵਿੰਗ ਪ੍ਰਧਾਨ ਹਰਜੋਤ ਸਿੰਘ ਹਡਾਨਾ, ਐੱਸ ਸੀ ਵਿੰਗ ਪ੍ਰਧਾਨ ਅਮਰੀਕ ਸਿੰਘ ਬਾਂਗੜ, ਯੂਥ ਵਿੰਗ ਤੋਂ ਜਨਰਲ ਸਕੱਤਰ ਪਰਮਿੰਦਰ ਗੋਲਡੀ, ਮਹਿਲਾ ਵਿੰਗ ਤੋਂ ਬਲਜਿੰਦਰ ਕੌਰ ਟੁੰਗਵਾਲੀ, ਬੌਧਿਕ ਵਿੰਗ ਤੋਂ ਜਗਤਾਰ ਸਿੰਘ ਸੰਘੇੜਾ, ਘੱਟ ਗਿਣਤੀ ਵਿੰਗ ਤੋਂ ਅਬਦੁਲ ਬਾਰੀ ਸਲਮਾਨੀ, ਸਾਬਕਾ ਫੌਜੀ ਸੈੱਲ ਤੋਂ ਕਰਨਲ ਹਰਜਿੰਦਰ ਸਿੰਘ ਸਰਾਏ, ਸਪੋਰਟਸ ਵਿੰਗ ਤੋਂ ਸੁਰਿੰਦਰ ਸਿੰਘ ਸੋਢੀ ਅਤੇ ਲੀਗਲ ਵਿੰਗ ਦੇ ਜਸਟਿਸ ਜੋਰਾ ਸਿੰਘ ਸ਼ਾਮਲ ਹੋਏ।
No comments:
Post a Comment