ਚੰਡੀਗੜ੍ਹ, 3 ਜਨਵਰੀ : ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਦਿਖਾਈ ਦੇ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕਾਨੂੰਨ ਵਿਵਸਥਾ ਨੂੰ ਲੈ ਕੇ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ। ਕਾਨੂੰਨ ਵਿਵਸਥਾ ਲਈ ਹੋਈ ਹਾਈ ਲੇਵਲ ਦੀ ਮੀਟਿੰਗ ਵਿੱਚ ਮਾਨ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਸਖਤ ਕਾਰਵਾਈ ਕਰਨ ਲਈ ਚਰਚਾ ਕੀਤੀ ਗਈ। ਮਾਨ ਸਰਕਾਰ ਹੁਣ ਨਸ਼ਾ ਵੇਚਣ ਵਾਲਿਆਂ ਦੀ ਸੰਪਤੀ ਨੂੰ ਅਟੈਚ ਕਰੇਗੀ। ਮੀਟਿੰਗ ਵਿੱਚ ਇਹ ਚਰਚਾ ਕੀਤੀ ਗਈ ਕਿ ਹੁਣ ਗੰਭੀਰ ਮਾਮਲਿਆਂ ਵਿੱਚ ਦੋਸ਼ੀਆਂ ਦੀ ਸੰਪਤੀ ਕੁਰਕ ਕੀਤੀ ਜਾ ਸਕਦੀ ਹੈ।
ਮੀਟਿੰਗ ਵਿੱਚ ਨਸ਼ੇ ਨਾਲ ਜੁੜੇ ਕਾਨੂੰਨਾਂ ਵਿੱਚ ਵੀ ਸੋਧ ਕਰਨ ਉਤੇ ਵਿਚਾਰ ਚਰਚਾ ਕੀਤੀ ਗਈ ਹੈ। ਮੀਟਿੰਗ ਵਿੱਚ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਗਈ ਕਿ ਨਸ਼ਾ ਮੁਕਤ ਪਿੰਡ ਬਣਾਉਣ ਲਈ ਪੰਚਾਇਤਾਂ ਮਤੇ ਪਾਸ ਕਰਨ। ਮੁੱਖ ਮੰਤਰੀ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਨਸ਼ਾ ਮੁਕਤ ਪੰਚਾਇਤਾਂ ਨੂੰ ਗ੍ਰਾਂਟ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਖੇਤਰ ਵਿੱਚ ਨਸ਼ਾ ਵੇਚਣ ਦਾ ਮਾਮਲਾ ਸਾਹਮਣਾ ਆਵੇਗਾ ਤਾਂ ਉਸਦੀ ਜ਼ਿੰਮੇਵਾਰੀ ਉਸ ਖੇਤਰ ਦੇ ਐਸਐਚਓ ਦੀ ਤੈਅ ਹੋਵੇਗੀ। ਜ਼ਬਰੀ ਵਸੂਲੀ ਲਈ ਆਉਣ ਵਾਲੀਆਂ ਫੋਨ ਕਾਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੀਟਿੰਗ ਵਿੱਚ ਚਰਚਾ ਕੀਤੀ ਗਈ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਨੇ ਪੁਲਿਸ ਨੂੰ ਸਖਤੀ ਨਾਲ ਐਕਸ਼ਨ ਲੈਣ ਦੇ ਹੁਕਮ ਦਿੱਤੇ ਹਨ।
No comments:
Post a Comment