ਐਸ.ਏ.ਐਸ.ਨਗਰ, 10 ਫਰਵਰੀ : ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਡਾ: ਗੁਰਬਚਨ ਸਿੰਘ ਨੇ ਪਿੰਡ ਚੱਪੜ ਚਿੜੀ ਵਿਖੇ ਕਿਸਾਨਾਂ ਨੂੰ ਸਬੋਧਨ ਕਰਦਿਆ ਦੱਸਿਆ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜ਼ੇਸ਼ਨ ਵੱਲੋ 10 ਫਰਵਰੀ ਨੂੰ ਬਤੌਰ ਵਿਸ਼ਵ ਦਾਲ ਦਿਵਸ ਮਨਾਇਆ ਜਾਂਦਾ ਹੈ,ਕਿਉਂਕਿ ਸਾਰੀ ਦੁਨੀਆ ਵਿਚ ਵੱਧਦੀ ਆਬਾਦੀ ਦੇ ਅਨੁਸਾਰ ਦਾਲਾਂ ਦੀ ਖਪਤ ਜਿਆਦਾ ਅਤੇ ਇਸ ਦੇ ਮੁਕਾਬਲੇ ਉਤਪਾਦਨ ਬਹੁਤ ਘੱਟ ਹੈ। ਦਾਲਾਂ ਦਾ ਭਾਰਤੀ ਖਾਣੇ ਵਿੱਚ ਖਾਸ ਕਰਕੇ ਸ਼ਾਕਾਹਾਰੀ ਭੋਜਨ ਵਿੱਚ ਇਕ ਅਹਿਮ ਸਥਾਨ ਹੈ। ਦਾਲਾਂ ਸੰਤੁਲਿਤ ਅਹਾਰ ਅਤੇ ਤੰਦਰੁਸਤ ਜੀਵਨ ਦਾ ਆਧਾਰ ਹਨ। ਦਾਲਾਂ ਵਿਚ ਬਹੁਤ ਮਾਤਰਾ ਵਿੱਚ ਪ੍ਰੋਟੀਨ ( 20-25%),ਫਾਈਬਰ, ਵਿਟਾਮਿਨ ਜਿਵੇਂ ਨਾਈਸਿਨ ਥਾਇਆਮੀਨ ਅਤੇ ਮਿਨਰਲ ਜਿਵੇਂ ਜਿੰਕ ਮੈਗਨੀਸ਼ੀਅਮ, ਪੋਟਾਸ਼ੀਅਮ ਆਦਿ ਪਾਏ ਜਾਂਦੇ ਹਨ।
ਦਾਲਾਂ ਵਿਚ ਕਣਕ ਨਾਲੋਂ ਦੁਗਣੀ ਅਤੇ ਚੌਲਾਂ ਨਾਲੋਂ ਤਿਗੁਣੀ ਮਾਤਰਾ ਵਿੱਚ ਪ੍ਰੋਟੀਨ ਹੈ।ਡਾਕਟਰਾਂ ਮੁਤਾਬਿਕ ਇਹ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਦਾਲਾਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਸ਼ੂਗਰ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਰੋਜ਼ਾਨਾ 80 ਗ੍ਰਾਮ ਦਾਲ ਖਾਣੀ ਚਾਹੀਦੀ ਹੈ ਪਰ ਸਾਡੇ ਦੇਸ਼ ਵਿੱਚ ਇੱਕ ਵਿਅਕਤੀ ਨੂੰ ਔਸਤ 42-47 ਗ੍ਰਾਮ ਦਾਲ ਹੀ ਮਿਲ ਪਾਉਂਦੀ ਹੈ।ਡਾਂ ਸੰਦੀਪ ਕੁਮਾਰ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਦੀ ਲੋੜ ਅਨੁਸਾਰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਵਿੱਚ ਦਾਲਾਂ ਹੇਠ ਰਕਬੇ ਨੂੰ ਵਧਾਉਣ ਦੀ ਬਹੁਤ ਲੋੜ ਹੈ।ਇਸ ਮੌਕੇ ਵਿਭਾਗ ਦੇ ਸੁੱਚਾ ਸਿੰਘ ਏ.ਈ.ੳ,ਪ੍ਰਵੇਜ਼ ਗਿੱਲ, ਪਿੰਡ ਦੀ ਸਰਪੰਚ ਸ੍ਰੀਮਤੀ ਰਾਜਵੀਰ ਕੌਰ,ਪੰਚ ਸ੍ਰੀਮਤੀ ਸਰਿੰਦਰ ਕੌਰ ਅਤੇ ਕਿਸਾਨ ਜੋਰਾ ਸਿੰਘ,ਕਿਸ਼ਨ ਕੁਮਾਰ, ਰਘਵੀਰ ਸਿੰਘ ਵਗੈਰਾ ਹਾਜ਼ਰ ਸਨ।
No comments:
Post a Comment