ਐੱਸ.ਏ.ਐੱਸ. ਨਗਰ, 22 ਫਰਵਰੀ : ਕਿਸੇ ਵੀ ਸਮਾਜ ਦੀ ਤਰੱਕੀ ਲਈ ਚੰਗੀ ਸਿੱਖਿਆ ਲਾਜ਼ਮੀ ਹੈ ਤੇ ਇਸੇ ਪੱਖ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਸਿੱਖਿਆ ਢਾਂਚੇ ਦੀ ਬਿਹਤਰੀ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ, ਜਿਸ ਦੇ ਸਾਰਥਕ ਸਿੱਟੇ ਨਿੱਕਲ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਮੰਤਰੀ, ਪੰਜਾਬ, ਸ. ਹਰਪਾਲ ਸਿੰਘ ਚੀਮਾ ਨੇ ਇੱਥੇ ਸ੍ਰੀ ਸੁਖਮਨੀ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ ਵਿਖੇ ਕਰਵਾਏ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ।
ਸ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਲਗਾਤਾਰ ਪੂਰੀਆਂ ਕਰ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਹੀ ਸਿੱਖਿਆ ਖੇਤਰ ਦੇ ਬਜਟ ਵਿਚ 17 ਫ਼ੀਸਦ ਦਾ ਇਜ਼ਾਫਾ ਕੀਤਾ ਜਿਹੜਾ ਕਿ ਇਤਿਹਾਸਕ ਕਦਮ ਸੀ। ਸ. ਚੀਮਾ ਨੇ ਕਿਹਾ ਕਿ ਆਉਣ ਵਾਲੀ 10 ਮਾਰਚ ਨੂੰ ਮੁੜ ਲੋਕ ਪੱਖੀ ਬਜਟ ਪੇਸ਼ ਕੀਤਾ ਜਾਣਾ ਹੈ ਤੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਪੂਰੀਆਂ ਕਰਨ ਵੱਲ ਕਦਮ ਚੁੱਕੇ ਜਾਣਗੇ।
ਸ. ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਸਦਕਾ ਸੂਬਾ ਭ੍ਰਿਸ਼ਟਾਚਾਰ ਮੁਕਤ ਹੋ ਰਿਹਾ ਹੈ। ਲੋਕਾਂ ਤੋਂ ਕਰ ਦੇ ਰੂਪ ਲਿਆ ਜਾਂਦਾ ਇਕ ਇਕ ਪੈਸਾ ਲੋਕਾਂ ਉੱਤੇ ਹੀ ਖ਼ਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਪੰਜਾਬ ਸਰਕਾਰ ਵਲੋਂ ਸਿਹਤ ਸੰਭਾਲ ਦੇ ਖੇਤਰ ਵਿੱਚ ਵੀ ਉਚੇਚੇ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਅੱਜ ਸਾਡੇ ਸਮਾਜ ਵਿਚ ਔਰਤਾਂ ਹਰ ਖੇਤਰ ਵਿਚ ਮਰਦਾਂ ਦੇ ਨਾਲ ਬਰਾਬਰ ਜ਼ਿੰਮੇਵਾਰੀ ਨਿਭਾ ਰਹੀਆਂ ਹਨ, ਜੋ ਕਿ ਮਾਣ ਵਾਲੀ ਗੱਲ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਾਲਜ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ ਤੇ ਹੋਰਨਾਂ ਨੂੰ ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਣ ਲਈ ਕਿਹਾ।
ਇਸ ਮੌਕੇ ਹਲਕਾ ਡੇਰਾਬਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਇਕ ਇਮਾਨਦਾਰ ਸਰਕਾਰ ਪੰਜਾਬ ਵਿੱਚ ਪੂਰੀ ਮਿਹਨਤ ਨਾਲ ਕੰਮ ਰਹੀ ਹੈ। ਇਸ ਨਾਲ ਸੂਬੇ ਦੀ ਨੁਹਾਰ ਬਦਲ ਰਹੀ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਸੂਬਾ ਦੇਸ਼ ਵਿੱਚੋਂ ਵਿਕਾਸ ਪੱਖੋਂ ਪਹਿਲਾ ਸਥਾਨ ਪ੍ਰਾਪਤ ਕਰ ਲਵੇਗਾ।
ਇਸ ਮੌਕੇ ਏ.ਐੱਸ.ਪੀ. ਦਰਪਣ ਆਹਲੂਵਾਲੀਆ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।
No comments:
Post a Comment