ਐਸ.ਏ.ਐਸ ਨਗਰ 28 ਫਰਵਰੀ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਪਣੀਆਂ ਨਿਤ-ਦਿਨ ਦੀਆਂ ਸਰਗਰਮੀਆਂ ਕਰਕੇ ਨਵੀਆਂ ਪੁਲਾਘਾਂ ਪੁੱਟਦਿਆਂ ਪ੍ਰੇਰਣਾ ਅਤੇ ਅਗਵਾਈ ਦੇ ਰੂਪ ਵਿੱਚ ਅੱਗੇ ਆ ਰਿਹਾ ਹੈ। ਇਸ ਦਫ਼ਤਰ ਵਿਖੇ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਦੀਆਂ ਚਰਚਾਵਾਂ ਹੱਦਾਂ ਸਰਹੱਦਾਂ ਤੋਂ ਪਾਰ ਸੁਣਾਈ ਦਿੰਦੀਆਂ ਹਨ। ਇਸ ਵੱਲੋਂ ਹੁਣ ਨਵੀਂ ਪਹਿਲਕਦਮੀ ਕਰਦਿਆਂ ਇਹਨਾਂ ਦਿਨਾਂ ਵਿੱਚ ਪੁਸਤਕ ਸੱਭਿਆਚਾਰ ਪੈਦਾ ਕਰਨ ਅਤੇ ਨਵੇਂ ਪਾਠਕਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਨਵਾਂ ਤਹੱਈਆ ਕੀਤਾ ਗਿਆ ਹੈ। ਇਸ ਦਫ਼ਤਰ ਵੱਲੋਂ ਹੁਣ ਤੱਕ ਕਰੀਬ ਚਾਰ ਲੱਖ ਰੁਪਏ ਦੀਆਂ ਕਿਤਾਬਾਂ ਵੇਚ ਕੇ ਪਾਠਕਾਂ ਤੱਕ ਪਹੁੰਚਾਈਆਂ ਗਈਆਂ ਹਨ। ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਦੱਸਿਆ ਗਿਆ ਹੈ ਕਿ ਦਫ਼ਤਰ ਵਿਖੇ 1 ਅਪ੍ਰੈਲ 2022 ਤੋਂ ਪੁਸਤਕ ਵਿਕਰੀ ਕੇਂਦਰ ਸ਼ੁਰੂ ਕੀਤਾ ਗਿਆ ਸੀ। ਇਸ ਵਿਕਰੀ ਕੇਂਦਰ ਤੋਂ ਅਸੀਂ ਹੁਣ ਤੱਕ ਤਕਰੀਬਨ ਚਾਰ ਲੱਖ ਰੁਪਏ ਦੀਆਂ ਕਿਤਾਬਾਂ ਵੇਚ ਕੇ ਪਾਠਕਾਂ ਤੱਕ ਪੁੱਜਦਾ ਕਰਨ ਵਿੱਚ ਸਫ਼ਲ ਹੋਏ ਹਾਂ।
ਉਹਨਾਂ ਇਹ ਵੀ ਦੱਸਿਆ ਕਿ ਕਿਤਾਬਾਂ ਨੂੰ ਪਾਠਕਾਂ ਤੱਕ ਲੈ ਕੇ ਜਾਣ ਲਈ ਸਕੂਲਾਂ, ਕਾਲਜਾਂ, ਧਾਰਮਿਕ ਅਸਥਾਨਾਂ, ਸਾਹਿਤਕ ਸਮਾਗਮਾਂ ਵਿੱਚ ਅਸੀਂ ਪੁਸਤਕ ਪ੍ਰਦਰਸ਼ਨੀਆਂ ਲਗਾਉਂਦੇ ਹਾਂ। ਇਸ ਨਾਲ ਸਾਡੀ ਕਿਤਾਬ ਲੋਕਾਂ ਦੇ ਹੱਥਾਂ ਤੱਕ ਜਾਂਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਭਾਸ਼ਾ ਵਿਭਾਗ ਵੱਲੋਂ ਛਾਪੀਆਂ ਗਈਆਂ ਪੁਸਤਕਾਂ ਜਿਵੇਂ ਕਿ 'ਮਹਾਨ ਕੋਸ਼' 65000 ਰੁਪਏ, 'ਪੰਜਾਬ' 42000 ਰੁਪਏ, 'ਗੁਲਿਸਤਾਂ-ਬੋਸਤਾਂ' 19000 ਰੁਪਏ, 'ਪੰਜਾਬ ਦੀਆਂ ਲੋਕ ਕਹਾਣੀਆਂ' 18000 ਰੁਪਏ, 'ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ' 25000 ਰੁਪਏ, 'ਪੰਥ ਪ੍ਰਕਾਸ਼' 5000 ਰੁਪਏ, 'ਸ਼ਹੀਦਾਨਿ ਵਫਾ' 3200 ਰੁਪਏ, 'ਸਚਿੱਤਰ ਪ੍ਰਾਇਮਰੀ ਕੋਸ਼' 8700 ਰੁਪਏ, ਆਦਿ ਦੀਆਂ ਪ੍ਰਕਾਸ਼ਨਾਵਾਂ ਵੇਚ ਚੁੱਕੇ ਹਾਂ। ਇਸੇ ਤਰ੍ਹਾਂ ਬਾਕੀ ਕਿਤਾਬਾਂ ਵੀ ਪਾਠਕ ਆਪਣੀ ਰੁਚੀ ਅਨੁਸਾਰ ਪੁਸਤਕ ਪ੍ਰਦਰਸ਼ਨੀਆਂ ਅਤੇ ਵਿਕਰੀ ਕੇਂਦਰ ਤੋਂ ਖਰੀਦਦੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਪੁਸਤਕਾਂ ਵੇਚਣ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀ ਜਨਵਰੀ-ਮਾਰਚ ਦਾ ਟੀਚਾ ਇੱਕ ਲੱਖ ਰੁਪਏ ਦਾ ਦਿੱਤਾ ਗਿਆ ਸੀ ਜੋ ਅਸੀਂ ਦੋ ਮਹੀਨਿਆਂ ਵਿੱਚ ਹੀ ਪੂਰਾ ਕਰ ਲਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਕੱਢੇ ਜਾਂਦੇ ਰਸਾਲੇ ਪੰਜਾਬੀ ਦੁਨੀਆ, ਜਨ ਸਾਹਿਤ, ਪੰਜਾਬ ਸੌਰਭ, ਪਰਵਾਜ਼-ਏ-ਅਦਬ ਦੇ ਸੌ ਤੋਂ ਵੱਧ ਨਵੇਂ ਮੈਂਬਰ ਵੀ ਬਣਾਏ ਹਨ। ਡਾ. ਬੋਹਾ ਵੱਲੋਂ ਦੱਸਿਆ ਗਿਆ ਕਿ ਬਹੁਤ ਨਾਮਵਾਰ ਸ਼ਖਸੀਅਤਾਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੇ ਵਿਕਰੀ ਕੇਂਦਰ ਤੋਂ ਕਿਤਾਬਾਂ ਖਰੀਦਣ ਲਈ ਦਫ਼ਤਰ ਵਿਖੇ ਪਹੁੰਚਦੀਆਂ ਹਨ। ਦਫ਼ਤਰ ਵਿਖੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਰੋਜ਼ਾਨਾ ਪੁਸਤਕ ਪ੍ਰਦਰਸ਼ਨੀ ਵੀ ਲਗਾਤਾਰ ਲਗਾਈ ਜਾ ਰਹੀ ਹੈ। ਉਹਨਾਂ ਅਨੁਸਾਰ ਇਸ ਕੰਮ ਵਿੱਚ ਇਸ ਦਫ਼ਤਰ ਦੇ ਖੋਜ ਇਨਸਟਰਕਟਰ ਸ਼੍ਰੀ ਜਤਿੰਦਰਪਾਲ ਸਿੰਘ, ਜੂਨੀਅਰ ਸਹਾਇਕ ਸ਼੍ਰੀ ਮਨਜੀਤ ਸਿੰਘ ਦਾ ਯੋਗਦਾਨ ਬਹੁਤ ਹੀ ਸਲਾਹੁਣਯੋਗ ਹੈ।
No comments:
Post a Comment