ਐੱਸ.ਏ.ਐੱਸ.ਨਗਰ, 14 ਫ਼ਰਵਰੀ : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਮਾਂ-ਬੋਲੀ ਪੰਜਾਬੀ ਦੇ ਮਾਣ-ਸਤਿਕਾਰ ਦੀ ਬਹਾਲੀ ਲਈ ਭਾਸ਼ਾ ਵਿਭਾਗ, ਪੰਜਾਬ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹੋਈਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਸ. ਬਲਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਅੰਦਰ ਸਥਿਤ ਸਕੂਲਾਂ ਦੇ ਨਾਂ ਹੁਣ ਪੰਜਾਬੀ ਭਾਸ਼ਾ ਵਿੱਚ ਲਿਖਣ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਕੂਲ ਸਿੱਖਿਆ ਵਿਭਾਗ 21 ਫਰਵਰੀ 2023 ਤੋਂ ਪਹਿਲਾਂ-ਪਹਿਲਾਂ ਸਕੂਲਾਂ ਦੇ ਨਾਂ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਬਾਰੇ ਬਹੁਤ ਸਰਗਰਮੀ ਨਾਲ ਯਤਨਸ਼ੀਲ ਹੈ ਅਤੇ ਸਰਕਾਰ ਦੇ ਇਸ ਏਜੰਡੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਦੇ ਨਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖਣੇ ਸ਼ੁਰੂ ਹੋ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਇਸ ਦੇ ਨਤੀਜੇ ਹੋਰ ਵੀ ਸਾਰਥਕ ਨਿਕਲਣਗੇ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸੌਪਿੰਨਸ ਸਕੂਲ ਸੈਕ. 70 ਐੱਸ.ਏ.ਐੱਸ. ਨਗਰ, ਸਤਲੁਜ ਵਰਲਡ ਸਕੂਲ , ਪੈਰਾਗੌਨ ਸੀਨੀਅਰ ਸੈਕੰਡਰੀ ਸਕੂਲ ਸੈਕ. 71 ,ਮੋਹਾਲੀ, ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ (ਖਰੜ), ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ, ਫੇਜ਼ 11 ਸੈਕ. 65 ਮੋਹਾਲੀ, ਏਕਜੋਤ ਪਬਲਿਕ ਸਕੂਲ, ਸ਼ਾਸਤਰੀ ਮਾਡਲ ਸਕੂਲ, ਹੋਲੀ ਫੈਮਲੀ ਕਾਨਵੈਂਟ ਸਕੂਲ, ਹੋਲੀ ਏਂਜਲਸ ਸਮਾਰਟ ਸਕੂਲ ਐੱਸ. ਏ. ਐੱਸ. ਨਗਰ, ਲਾਰਡ ਮਹਾਵੀਰ ਜੈਨ ਪਬਲਿਕ ਸਕੂਲ (ਡੇਰਾਬਸੀ), ਲਰਨਿੰਗ ਪਾਥਸ ਸਕੂਲ, ਸੇਂਟ ਏਜ਼ਰਾ ਇੰਟਰਨੈਸ਼ਨਲ ਸਕੂਲ, ਇੰਨਫੈਂਟ ਜੀਸਸ ਕਾਨਵੈਂਟ ਸਕੂਲ ਫੇਜ਼ 11 ਐੱਸ. ਏ. ਐੱਸ. ਨਗਰ, ਏ. ਸੀ. ਗਲੋਬਲ ਸਕੂਲ (ਬਨੂੜ), ਦਿਕਸ਼ਾਂਤ ਗਲੋਬਲ ਸਕੂਲ, ਗਿਆਨ ਜਯੋਤੀ ਗਲੋਬਲ ਸਕੂਲ (ਮੋਹਾਲੀ), ਇੰਟਰਨੈਸ਼ਨਲ ਪਬਲਿਕ ਸਕੂਲ (ਮੋਹਾਲੀ), ਜਸਵਿੰਦਰਾ ਸੀਨੀ. ਸੈਕ. ਸਕੂਲ ਲਾਲੜੂ (ਮੋਹਾਲੀ), ਹੋਲੀ ਏਂਜਲਸ ਸਮਾਰਟ ਸਕੂਲ, ਮਾਂਟੇਸਰੀ ਪਬਲਿਕ ਸਕੂਲ (ਬਲੌਂਗੀ) ਵੱਲੋਂ ਆਪਣੇ ਨਾਂ ਪੰਜਾਬੀ ਭਾਸ਼ਾ (ਗੁਰਮੁਖੀ)ਵਿੱਚ ਲਿਖ ਦਿੱਤੇ ਗਏ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਾਸ਼ਾ ਐਕਟ-1967 ਸਮੇਤ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ-2008 ਅਤੇ 2021 ਦੇ ਉਪਬੰਧਾਂ ਅਨੁਸਾਰ ਪੰਜਾਬ ਰਾਜ ਵਿੱਚ ਸਮੁੱਚਾ ਦਫ਼ਤਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵੱਲੋਂ ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ ਵਿਭਾਗਾਂ/ ਅਦਾਰਿਆਂ/ ਸੰਸਥਾਵਾਂ/ ਵਿੱਦਿਅਕ ਅਦਾਰਿਆਂ/ ਬੋਰਡਾਂ/ ਨਿਗਮਾਂ/ ਵਿੱਦਿਅਕ ਸੰਸਥਾਵਾਂ/ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ/ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ/ ਸੁਸਾਇਟੀ ਐਕਟ/ ਫ਼ੈਕਟਰੀ ਐਕਟ ਤਹਿਤ ਰਜਿਸਟਰਡ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ ਨਾਮ ਪੱਟੀਆਂ/ ਮੀਲ ਪੱਥਰ/ ਸਾਈਨ ਬੋਰਡ ਦੇ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਬਾਬਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਮੂਹ ਵਿਭਾਗਾਂ ਨੂੰ ਅਮਲ ਹਿੱਤ ਭੇਜੀਆਂ ਗਈਆਂ ਸਨ।
No comments:
Post a Comment