SBP GROUP

SBP GROUP

Search This Blog

Total Pageviews

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਭਲਾਈ ਸਕੀਮਾਂ ਦਾ ਨਿਰਵਿਘਨ ਲਾਭ ਲੈਣ ਲਈ ਆਪਣੇ ਆਧਾਰ ਵੇਰਵੇ ਅੱਪਡੇਟ ਕਰਨ ਦੀ ਅਪੀਲ

ਐਸ.ਏ.ਐਸ. ਨਗਰ 10 ਮਾਰਚ ; ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ ਨੇ ਅੱਜ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ  ਪਿਛਲੇ ਅੱਠ ਤੋਂ ਦਸ ਸਾਲਾਂ ਦੌਰਾਨ, 2015 ਤੋਂ ਪਹਿਲਾਂ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਵਾਇਆ ਤਾਂ ਆਪਣੇ ਆਧਾਰ ਵੇਰਵਿਆਂ ਨੂੰ ਜਲਦ ਤੋਂ ਜਲਦ ਅਪਡੇਟ ਕਰਵਾਉਣ।

ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਛਾਣ ਦੇ ਸਬੂਤ (ਪਰੂਫ ਆਫ ਆਈਡੈਂਟਿਟੀ) ਅਤੇ ਪਤੇ ਦੇ ਸਬੂਤ (ਪਰੂਫ ਆਫ ਐਡਰੈੱਸ) ਸਬੰਧੀ ਦਸਤਾਵੇਜ਼ਾਂ ਨੂੰ ਅੱਪਡੇਟ ਕਰਕੇ ਨਾਗਰਿਕਾਂ ਦੇ ਆਧਾਰ ਨੂੰ ਹੋਰ ਮਜ਼ਬੂਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਪਹਿਲਕਦਮੀ ਤਹਿਤ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਵੱਲੋਂ ਡਾਕੂਮੈਂਟ ਅਪਡੇਟ ਫੀਚਰ ਰਾਹੀਂ ਆਧਾਰ ਵਿੱਚ ਦਸਤਾਵੇਜ਼ ਅਪਡੇਟ ਕਰਨ ਲਈ ਸੁਵਿਧਾ ਪੇਸ਼ ਕੀਤੀ ਗਈ ਹੈ।


ਅਮਨਿੰਦਰ ਕੌਰ ਬਰਾੜ ਨੇ ਅੱਗੇ ਕਿਹਾ ਕਿ ਡਾਕੂਮੈਂਟ ਅਪਡੇਟ ਫੀਚਰ ਮਾਈ ਆਧਾਰ (myAadhaar) ਪੋਰਟਲ ਜਾਂ ਕਿਸੇ ਵੀ ਆਧਾਰ ਇਨਰੋਲਮੈਂਟ ਸੈਂਟਰ ਰਾਹੀਂ ਆਨਲਾਈਨ ਪਹੁੰਚਯੋਗ ਹੈ ਅਤੇ ਨਾਗਰਿਕਾਂ ਨੂੰ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਕਰਨ ਲਈ ਇਨ੍ਹਾਂ ਵਿਕਲਪਾਂ ਦੀ ਚੋਣ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਆਧਾਰ ਧਾਰਕਾਂ ਵੱਲੋਂ ਆਪਣੇ ਮੋਬਾਇਲ ਨੰਬਰਾਂ, ਪਛਾਣ ਦੇ ਮੌਜੂਦਾ ਸਬੂਤ ਅਤੇ ਪਤੇ ਦੇ ਮੌਜੂਦਾ ਪ੍ਰਮਾਣ ਦੇ ਨਾਲ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਕੀਤਾ ਜਾਣਾ ਹੈ। ਇਸ ਦੇ ਲਈ ਨਾਗਰਿਕ ਨੇੜਲੇ ਸੇਵਾ ਕੇਂਦਰਾਂ ਅਤੇ ਆਧਾਰ ਇਨਰੋਲਮੈਂਟ ਕੇਂਦਰਾਂ 'ਤੇ ਜਾ ਸਕਦੇ ਹਨ ਜਾਂ ਮਾਈ ਆਧਾਰ ((myAadhaar) ਪੋਰਟਲ ਅਤੇ ਐਮ.ਆਧਾਰ ਮੋਬਾਇਲ ਐਪਲੀਕੇਸ਼ਨ ਰਾਹੀਂ ਆਨਲਾਈਨ ਵੀ ਅਪਡੇਟ ਕਰਵਾ ਸਕਦੇ ਹਨ।

  ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ 12-ਅੰਕਾਂ ਵਾਲਾ ਵਿਲੱਖਣ ਪਛਾਣ ਨੰਬਰ (ਆਧਾਰ ਨੰਬਰ) ਦੇਸ਼ ਵਿੱਚ ਸ਼ਨਾਖ਼ਤ ਦੇ ਸਰਵ-ਪ੍ਰਵਾਨਿਤ ਸਬੂਤ ਵਜੋਂ ਉਭਰਿਆ ਹੈ, ਇਸ ਲਈ ਆਧਾਰ ਵਿੱਚ ਦਸਤਾਵੇਜ਼ਾਂ ਦੀ ਅੱਪਡੇਸ਼ਨ ਬਿਹਤਰ ਸੇਵਾਵਾਂ ਦੀ ਪ੍ਰਾਪਤੀ ਵਿੱਚ ਸੌਖ ਦੇ ਨਾਲ-ਨਾਲ ਸਹੀ ਪ੍ਰਮਾਣਿਕਤਾ ਨੂੰ ਵੀ ਸਮਰੱਥ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਕੇ.ਵਾਈ.ਸੀ. ਫਾਰਮ ਭਰ ਕੇ ਆਧਾਰ ਵੇਰਵਿਆਂ ਨੂੰ ਅਪਡੇਟ ਰੱਖੀਏ। ਉਨ੍ਹਾਂ ਕਿਹਾ ਕਿ ਜੇਕਰ ਜਨਸੰਖਿਆ ਸਬੰਧੀ ਵੇਰਵਿਆਂ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਹੋਈ ਤਾਂ ਵੀ ਬਿਨੈਕਾਰਾਂ ਨੂੰ ਆਪਣੀ ਪਛਾਣ ਅਤੇ ਪਤੇ ਦੇ ਸਬੂਤ ਨੂੰ ਅਪਡੇਟ ਕਰਨ ਦੀ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ 5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦੇ ਆਧਾਰ ਵੇਰਵੇ ਜਲਦੀ ਤੋਂ ਜਲਦੀ ਅੱਪਡੇਟ ਕਰਵਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਅਤੇ ਬੈਂਕਿੰਗ ਅਤੇ ਐਨ.ਬੀ.ਐਫ.ਸੀ. ਸੇਵਾਵਾਂ ਸਮੇਤ ਵਿੱਤੀ ਸੇਵਾਵਾਂ ਵਿੱਚ ਆਧਾਰ ਪ੍ਰਮਾਣਿਕਤਾ ਦੀ ਵਿਆਪਕ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਸੇਵਾਵਾਂ ਦਾ ਨਿਰਵਿਘਨ ਲਾਭ ਲੈਣ ਲਈ ਆਧਾਰ ਅੱਪਡੇਟ ਕਰਨਾ ਬਹੁਤ ਅਹਿਮ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨੈਕਾਰਾਂ ਦੇ ਆਧਾਰ ਵੇਰਵਿਆਂ ਨੂੰ ਸ਼ਨਾਖ਼ਤ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਇਸ ਦੀ ਤਸਦੀਕ ਕੀਤੀ ਜਾਵੇ ਤਾਂ ਜੋ ਫਰਜ਼ੀ/ਫੋਟੋਸ਼ਾਪ ਕੀਤੇ ਆਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕੇ। ਮੀਟਿੰਗ ਦੌਰਾਨ ਪ੍ਰੋਜੈਕਟ ਮਨੈਜਰ ਰਮਨ ਅਬਰੋਲ ਨੇ ਆਧਾਰ ਕਾਰਡ ਸਬੰਧੀ ਪੇਸ਼ਕਾਰੀ ਵੀ ਕੀਤੀ।

ਜ਼ਿਕਰਯੋਗ ਹੈ ਕਿ ਐਸ.ਏ.ਐਸ. ਨਗਰ ਦੇ ਸਾਰੇ ਸੇਵਾ ਕੇਂਦਰਾਂ 'ਤੇ ਆਧਾਰ ਸੇਵਾਵਾਂ ਉਪਲਬਧ ਹਨ ਜਦਕਿ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਐਸ.ਏ.ਐਸ. ਨਗਰ ਸਥਿਤ ਸੇਵਾ ਕੇਂਦਰ ਵਿਖੇ ਵੀ ਇਹ ਸੇਵਾ ਉਪਲਬਧ ਹੈ, ਜਿੱਥੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਨ੍ਹਾਂ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕੁਝ ਬੈਂਕ ਅਤੇ ਡਾਕਘਰ ਵੀ ਇਹ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

No comments:


Wikipedia

Search results

Powered By Blogger