ਬੀਬੀ ਮਾਣੂੰਕੇ ਨੇ ਕਮਲ ਚੌਂਕ ਤੇ ਮੰਡੀ ਦੇ ਬਰਸਾਤੀ ਪਾਣੀ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ
ਜਗਰਾਉਂ ਵਾਸੀਆਂ ਨੂੰ ਹੁਣ ਵੱਡੀ ਸਮੱਸਿਆ ਦੇ ਹੱਲ ਦੀ ਬੱਝੀ ਆਸ
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬੱਜਟ ਸ਼ੈਸ਼ਨ ਦੌਰਾਨ ਜਗਰਾਉਂ ਸ਼ਹਿਰ ਦੇ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦਾ ਮੁੱਦਾ ਚੁੱਕਿਆ ਅਤੇ ਉਹਨਾਂ ਆਖਿਆ ਕਿ ਰੌਸ਼ਨੀਆਂ ਦਾ ਸ਼ਹਿਰ ਜਗਰਾਉਂ ਪੰਜਾਬ ਦੇ ਪੁਰਾਤਨ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਜਗਰਾਉਂ ਦੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾਂ ਪੈਂਦਾ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਪੁਰਾਣੀ ਦਾਣਾ ਮੰਡੀ ਵਿੱਚ ਦੁਕਾਨਦਾਰਾਂ ਤੇ ਆੜਤੀਆਂ ਦੀਆਂ ਲਗਭਗ 300 ਦੁਕਾਨਾ ਹਨ, ਜੋ ਬਰਸਾਤ ਦੇ ਦਿਨਾਂ ਦੌਰਾਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ ਅਤੇ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਬਰਸਾਤ ਦਾ ਪਾਣੀ ਕਈ ਦਿਨਾਂ ਤੱਕ ਬਾਹਰ ਨਹੀਂ ਨਿਕਲਦਾ ਤੇ ਲੋਕ ਦੁਕਾਨਾਂ ਬੰਦ ਰੱਖਣ ਲਈ ਮਜ਼ਬੂਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਦੁਕਾਨਦਾਰਾਂ ਤੇ ਆੜਤੀਆਂ ਦਾ ਬਰਸਾਤ ਦੇ ਦਿਨਾਂ ਵਿੱਚ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਇਸੇ ਤਰਾਂ ਹੀ ਸ਼ਹਿਰ ਦੇ ਕਮਲ ਚੌਂਕ ਵਿੱਚ ਵੀ ਇਹੀ ਸਮੱਸਿਆ ਹੈ, ਜੋ ਸ਼ਹਿਰ ਦਾ ਪ੍ਰਮੁੱਖ ਚੌਂਕ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਦਾ ਜੀਣਾ ਮੁਹਾਲ ਹੋ ਜਾਂਦਾ ਹੈ। ਵਿਧਾਇਕਾ ਮਾਣੂੰਕੇ ਵੱਲੋਂ ਚੁੱਕੇ ਗਏ
ਇਸ ਮੁੱਦੇ ਤੇ ਵਿਧਾਨ ਸਭਾ ਵਿੱਚ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਾਹਮਣੇ ਸਥਾਨਕ ਸਰਕਾਰਾਂ ਬਾਰੇ ਇੰਦਰਵੀਰ ਸਿੰਘ ਨਿੱਜਰ ਨੇ ਆਨ ਰਿਕਾਰਡ ਭਰੋਸਾ ਦਿਵਾਇਆ ਕਿ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜਿੰਨੀ ਜ਼ਲਦੀ ਹੋ ਸਕੇ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਪ੍ਰੋਜੈਕਟਰ ਬਣਾਇਆ ਜਾਵੇ ਤੇ ਮੈਪ ਤਿਆਰ ਕੀਤਾ ਜਾਵੇ ਅਤੇ ਉਸ ਦਾ ਬੱਜਟ ਬਣਾਇਆ ਜਾਵੇ ਅਤੇ ਬੱਜਟ ਅਨੁਸਾਰ ਪੈਸਾ ਜਾਰੀ ਕਰਕੇ ਅਗਲੇ ਇੱਕ ਸਾਲ ਦੇ ਅੰਦਰ ਜਗਰਾਉਂ ਸ਼ਹਿਰ ਦੇ ਰਾਣੀ ਝਾਂਸੀ ਚੌਂਕ, ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦਾ ਵੱਡਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਤੇ ਵਿਧਾਇਕਾ ਮਾਣੂੰਕੇ ਨੇ ਫਿਰ ਕਿਹਾ ਕਿ ਮੰਤਰੀ ਸਾਹਿਬ ਇਸ ਕੰਮ ਨੂੰ ਟਾਈਮ-ਬਾਂਊਂਡ ਕੀਤਾ ਜਾਵੇ ਕਿ ਕਿਸ ਮਿਤੀ ਤੱਕ ਹੱਲ ਹੋਵੇਗਾ ਕਿਉਂਕਿ ਇਸ ਸਾਲ ਵਿੱਚ ਮੁੜ ਬਰਸਾਤ ਦੇ ਦਿਨ ਆਉਂਣ ਵਾਲੇ ਅਤੇ ਮੇਰੇ ਸ਼ਹਿਰ ਜਗਰਾਉਂ ਦੇ ਲੋਕਾਂ ਅੱਗੇ ਫਿਰ ਸਮੱਸਿਆ ਆਉਣ ਵਾਲੀ ਹੈ, ਤਾਂ ਮੰਤਰੀ ਨਿੱਜਰ ਨੇ ਫਿਰ ਵਿਸ਼ਵਾਸ਼ ਦਿਵਾਇਆ ਕਿ ਸੁਪਰਸੈਕਸ਼ਨ ਮਸ਼ੀਨ ਨਾਲ ਲੱਗਭਗ ਦੋ ਕਿਲੋਮੀਟਰ ਤੱਕ ਸਹਿਰ ਦੇ ਸੀਵਰੇਜ਼ ਨੂੰ ਸਾਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਬਰਸਾਤੀ ਪਾਣੀ ਦੀ ਸਮੱਸਿਆ ਪਹਿਲਾਂ ਦੇ ਮੁਕਾਬਲੇ ਘੱਟ ਹੋਵੇਗੀ ਅਤੇ ਬਾਕੀ ਵੱਡੀ ਸਮੱਸਿਆ ਵੀ ਇੱਕ ਸਾਲ ਦੇ ਅੰਦਰ ਹੱਲ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦਾ ਮਸਲਾ ਹੱਲ ਕਰਵਾਉਣਗੇ ਅਤੇ ਇਹ ਉਹਨਾਂ ਦਾ ਮੁੱਖ ਟੀਚਾ ਹੈ। ਵਿਧਾਇਕਾ ਮਾਣੂੰਕੇ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਚੁੱਕਣ ਨਾਲ ਹੁਣ ਸ਼ਹਿਰ ਵਾਸੀਆਂ ਨੂੰ ਵੱਡੀ ਸਮੱਸਿਆ ਦਾ ਹੱਲ ਹੋਣ ਦੀ ਆਸ ਬੱਝ ਗਈ ਹੈ।
No comments:
Post a Comment