ਐਸ.ਏ.ਐਸ ਨਗਰ 24 ਅਪ੍ਰੈਲ : ਜ਼ਿਲ੍ਹੇ ’ਚ ਵਿਸ਼ੇਸ਼ ਟੀਕਾਕਰਨ ਹਫ਼ਤਾ ਅੱਜ ਤੋਂ ਸ਼ੁਰੂ ਹੋ ਗਿਆ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੁਪਿੰਦਰ ਕੌਰ ਗਿੱਲ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਸਿਹਤ ਵਿਭਾਗ ਪੰਜਾਬ ਵਲੋਂ ਜਾਰੀ ਹੁਕਮਾਂ ਮੁਤਾਬਿਕ ਜ਼ਿਲ੍ਹਾ ਭਰ ਵਿਚ 24 ਅਪ੍ਰੈਲ ਤੋਂ 28 ਅਪ੍ਰੈਲ ਤਕ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਪਹਿਲੇ ਦਿਨ ਵੱਖ ਵੱਖ ਥਾਈਂ 45 ਟੀਕਾਕਰਨ ਸੈਸ਼ਨ ਲਗਾਏ ਗਏ ਜਿਨ੍ਹਾਂ ਵਿਚ 353 ਬੱਚਿਆਂ ਨੂੰ ਟੀਕੇ ਲਗਾਏ ਗਏ। ਉਨ੍ਹਾਂ ਦਸਿਆ ਕਿ ਵਿਸ਼ੇਸ਼ ਟੀਕਾਕਰਨ ਹਫ਼ਤੇ ਦਾ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ ਨੂੰ ਮਜ਼ਬੂਤ ਕਰਨਾ ਹੈ।ਇਸ ਲਈ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿਨ੍ਹਾਂ ਦਾ ਟੀਕਾਕਰਨ ਅਧੂਰਾ ਹੈ ਜਾਂ ਕਿਸੇ ਕਾਰਨ ਰਹਿ ਗਿਆ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਆਮ ਟੀਕਾਕਰਨ ਪਹਿਲਾਂ ਵਾਂਗ ਜਾਰੀ ਰਹੇਗਾ।
ਸਿਵਲ ਸਰਜਨ ਨੇ ਦਸਿਆ ਕਿ ਇਸ ਹਫ਼ਤੇ ਦੌਰਾਨ ਉਚ ਜੋਖਮ ਵਾਲੇ ਖੇਤਰਾਂ, ਪ੍ਰਵਾਸੀ ਆਬਾਦੀ, ਖਾਨਾਬਦੋਸ਼ ਸਥਾਨ, ਇੱਟਾਂ ਦੇ ਭੱਠਿਆਂ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਸਬ-ਸੈਂਟਰਾਂ ਉਤੇ ਏ.ਐਨ.ਐਮ. ਦਾ ਅਹੁਦਾ ਖ਼ਾਲੀ ਹੈ, ਉਥੇ ਵੀ ਟੀਕਾਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆਂ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਜਾਣਗੇ।ਜਿਹੜੇ ਖੇਤਰਾਂ ਜਾਂ ਪਿੰਡਾਂ ਵਿਚ ਸਰਕਾਰੀ ਸਿਹਤ ਸਹੂਲਤਾਂ ਨਹੀਂ ਹਨ, ਉਨ੍ਹਾਂ ਪਿੰਡਾਂ ਅਤੇ ਖੇਤਰਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸਿਹਤ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਮੁਹਿੰਮ ਦੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ। ਮੁਹਿੰਮ ਤਹਿਤ ਉਪਰੋਕਤ ਥਾਵਾਂ ’ਤੇ ਸੀਨੀਅਰ ਮੈਡੀਕਲ ਅਫਸਰ ਅਤੇ ਟੀਕਾਕਰਨ ਅਫਸਰ ਇਨ੍ਹਾਂ ਕੈਂਪਾਂ ਦਾ ਨਿਰੀਖਣ ਕਰ ਰਹੇ ਹਨ। ਡਾ. ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ।
No comments:
Post a Comment