ਐਸ ਏ ਐਸ ਨਗਰ, 10 ਅਪ੍ਰੈਲ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੋਵਿਡ-19 ਦੇ ਸਬੰਧ ਵਿੱਚ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ।ਅੱਜ ਕੋਵਿਡ ਦੇ ਸਬੰਧ ਵਿੱਚ ਸ਼ੁਰੂ ਹੋਈ ਦੋ ਦਿਨਾਂ ਮੌਕ ਡਰਿਲ ਦੌਰਾਨ ਕੋਵਿਡ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕੋਵਿਡ ਵਾਇਰਸ ਦੇ ਫੈਲਾਅ ਨੂੰ ਰੋਕਣ ’ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਿਪਟਣ ਲਈ ਪੂਰੇ ਪ੍ਰਬੰਧ ਹਨ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਵਿਦਿਅਕ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਅਤੇ ਅੰਦਰੂਨੀ ਤੇ ਬਾਹਰੀ ਇਕੱਠਾਂ, ਮਾਲਜ਼, ਜਨਤਕ ਥਾਵਾਂ ਆਦਿ ’ਤੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਮੈਡੀਕਲ ਥਾਵਾਂ ’ਤੇ ਮਾਸਕ ਪਾਉਣ ਲਈ ਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਆਮ ਵਰਗੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਨਾ ਆਉਣ ਲਈ ਕਿਹਾ।
ਸ੍ਰੀਮਤੀ ਆਸ਼ਿਕਾ ਜੈਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਆਕਸੀਜਨ ਸਬੰਧੀ ਪਲਾਂਟਾ ਦੀਆਂ ਜਾਂਚ ਕਰਕੇ ਉਨ੍ਹਾਂ ਦੀ ਸਰਵਿਸਜ ਆਦਿ ਕਰਵਾਉਣ ਲਈ ਆਖਿਆ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਬੈਡ ਵਗੈਰਾ ਦੀ ਪੂਰੀ ਵਿਵਸਥਾ ਹੈ। ਉਨ੍ਹਾਂ ਕਿਸੇ ਵਿਅਕਤੀ ਵਿਚ ਕਰੋਨਾ ਦੇ ਲੱਛਣ ਸਾਹਮਣੇ ਆਉਣ ਦੀ ਸੂਰਤ ਵਿੱਚ ਕੋਵਿਡ ਟੈਸਟ ਕਰਨ ਲਈ ਨੂੰ ਯਕੀਨੀ ਬਨਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੱਕ ਹੋਣ ’ਤੇ ਆਰ.ਏ.ਟੀ ਦੀ ਥਾਂ ’ਤੇ ਆਰ.ਟੀ.ਪੀ.ਸੀ.ਆਰ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ। ਉਨਾਂ ਨੇ ਕੋਵਿਡ-19 ਦੇ ਸਬੰਧ ਵਿੱਚ ਸਮਾਜਿਕ ਦੂਰੀ ਬਨਾਉਣ, ਜਨਤਕ ਥਾਵਾਂ ਉਤੇ ਨਾ ਥੁੱਕਣ ਅਤੇ ਹੋਰ ਸਾਵਧਾਨੀਆਂ ਦੀ ਵਰਤੋਂ ਦੀ ਪੂਰੀ ਪਾਲਣਾ ਯਕੀਨੀ ਬਨਾਉਣ ਲਈ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਸਾਰੇ ਹਸਪਤਾਲਾਂ ਵਿੱਚ ਸਰਦੀ-ਜ਼ੁਕਾਮ, ਬਿਮਾਰੀ, ਸਾਹ ਲੈਣ ਵਿੱਚ ਦਿੱਕਤ ਅਤੇ ਲਾਗ ਤੋਂ ਪੀੜਤ ਮਰੀਜ਼ਾਂ ਦੀ ਟੈਸਟਿੰਗ ਵਧਾਉਣ ਲਈ ਅਧਿਕਾਰੀਆਂ ਨੂੰ ਕਿਹਾ। ਉਨਾਂ ਨੇ ਅਧਿਕਾਰੀਆਂ ਨੂੰ ਕੋਵਿਡ ਪਾਜ਼ੇਟਿਵ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਸਮੁੱਚੀ ਜੀਨੋਮ ਸਿਕੁਐਂਸਿੰਗ (ਕੋਰੋਨਾ ਦੇ ਵਿਸ਼ਾਣੂ ਦੀ ਉਤਪੱਤੀ) ਦਾ ਪਤਾ ਲਾਉਣ ਨੂੰ ਵੀ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਇੰਦਰਪਾਲ, ਡਾ. ਹਰਮਨ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਹਾਜ਼ਰ ਸਨ।
No comments:
Post a Comment