ਕਾਉਂਕੇ ਕਲਾਂ ਦੇ ਬੱਚਿਆਂ ਦੇ ਓਪਨ ਸਕੂਲ ਪ੍ਰਨਾਲੀ ਰਾਹੀਂ ਪੇਪਰ ਦਿਵਾਉਣ ਦੇ ਯਤਨ ਕਰ ਰਹੇ ਹਾਂ
ਆਪਣੇ ਬੱਚਿਆਂ ਦਾ ਭਵਿੱਖ ਧੁੰਦਲਾ ਹੋਣ ਤੋਂ ਬਚਾਉਣ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲ ਵਿੱਚ ਬੱਚਿਆਂ ਦਾ ਦਾਖਲਾ ਕਰਵਾਉਣ ਮੌਕੇ ਸਕੂਲ ਦਾ ਮਿਆਰ ਅਤੇ ਪ੍ਰਾਈਵੇਟ ਸੰਸਥਾ ਦੇ ਪ੍ਰਬੰਧਕਾਂ ਬਾਰੇ ਜਾਣਕਾਰੀ ਜ਼ਰੂਰ ਹਾਸਿਲ ਕਰਨ, ਕਿਉਂਕਿ ਕੁੱਝ ਦੁਕਾਨਾਂ ਰੂਪੀ ਖੁੱਲੇ ਪ੍ਰਾਈਵੇਟ ਸਕੂਲ ਲਾ-ਪ੍ਰਵਾਹੀ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਇਸ ਲਈ ਇਹਨਾਂ ਦੁਕਾਨਾਂ ਰੂਪੀ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਕਰਵਾਉਣ ਦੀ ਬਜਾਇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਦਾਖ਼ਲ ਕਰਵਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪਿੰਡ ਕਾਉਂਕੇ ਕਲਾਂ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਬੰਧਕਾਂ ਦੀ ਲਾ-ਪ੍ਰਵਾਹੀ ਦਾ ਸ਼ਿਕਾਰ ਹੋਏ ਦਸਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਆਪਣੇ ਦਫ਼ਤਰ ਵਿਖੇ ਕੀਤਾ।
ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਕਿਤਾਬਾਂ, ਵਰਦੀਆਂ ਤੇ ਖਾਣਾ ਆਦਿ ਮੁਫ਼ਤ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਨੂੰ ਵਜੀਫ਼ਾ ਦੇਣ ਤੋਂ ਇਲਾਵਾ ਬੱਚਿਆਂ ਦਾ ਭਵਿੱਖ ਵੀ ਸੁਰੱਖਿਅਤ ਰਹਿੰਦਾ ਹੈ। ਵਿਧਾਇਕਾ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੇਪਰ ਦੇਣ ਲਈ ਰੋਲ ਨੰਬਰਾਂ ਦੀ ਚਿੰਤਾ ਨਹੀਂ ਰਹਿੰਦੀ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਧੋਖਾ ਨਹੀਂ ਹੁੰਦਾ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਉਚ ਯੋਗਤਾ ਪ੍ਰਾਪਤ ਤਜ਼ਰਬੇਕਾਰ ਅਧਿਆਪਕ ਤੈਨਾਤ ਕੀਤੇ ਗਏ ਹਨ ਅਤੇ ਬੱਚਿਆਂ ਦੇ ਬੈਠਣ ਲਈ ਫਰਨੀਚਰ ਤੇ ਪੜ੍ਹਨ ਲਈ ਸਾਜੋ-ਸਮਾਨ ਤੇ ਹਰ ਪ੍ਰਕਾਰ ਦੀ ਸਮੱਗਰੀ ਉਪਲੱਬਧ ਕਰਵਾਈ ਜਾਂਦੀ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਸਰਕਾਰ ਦੀ ਤਰਜ਼ ਤੇ ਪੰਜਾਬ ਵਿੱਚ ਵੀ ਸਰਕਾਰੀ ਸਕੂਲਾਂ ਦਾ ਮਿਆਰ ਹੋਰ ਉਚਾ ਚੁੱਕਣ ਲਈ ਜੰਗੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ।
ਇਸ ਲਈ ਕਿਸੇ ਵੀ ਪ੍ਰਕਾਰ ਦੇ ਧੋਖੇ ਤੋਂ ਬਚਣ ਲਈ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ। ਵਿਧਾਇਕਾ ਮਾਣੂੰਕੇ ਨੇ ਪਿੰਡ ਕਾਉਂਕੇ ਕਲਾਂ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਭਰੋਸਾ ਦਿੰਦੇ ਹੋਏ ਆਖਿਆ ਕਿ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ਕਾਰਨ ਪੇਪਰ ਦੇਣ ਤੋਂ ਬਾਂਝੇ ਰਹਿ ਗਏ ਬੱਚਿਆਂ ਦੇ ਦਸਵੀਂ ਦੇ ਪੇਪਰ ਓਪਨ ਸਕੂਲ ਪ੍ਰਨਾਲੀ ਰਾਹੀਂ ਦਿਵਾਉਣ ਦੇ ਯਤਨ ਕਰ ਰਹੇ ਹਾਂ। ਇਹ ਮਾਮਲਾ ਮਾਨਯੋਗ ਸਿੱਖਿਆ ਮੰਤਰੀ ਨਾਲ ਵੀ ਵਿਚਾਰਿਆ ਗਿਆ ਹੈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਹੈ ਕਿ ਇਹਨਾਂ ਬੱਚਿਆਂ ਦਾ ਮਾਮਲਾ ਵਿਭਾਗ ਦੀ ਉਚ ਪੱਧਰੀ ਮੀਟਿੰਗ ਵਿੱਚ ਵਿਚਾਰਕੇ ਹੱਲ ਕੱਢਿਆ ਜਾਵੇਗਾ।
ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪ੍ਰਾਈਵੇਟ ਸੰਸਥਾ ਦੀ ਲਾ-ਪ੍ਰਵਾਹੀ ਕਾਰਨ ਬੱਚਿਆਂ ਨੂੰ ਹੋਈ ਮਾਨਸ਼ਿਕ ਪ੍ਰੇਸ਼ਾਨੀ ਅਤੇ ਭਵਿੱਖ ਨੂੰ ਵੇਖਦੇ ਹੋਏ ਇਹਨਾਂ ਬੱਚਿਆਂ ਨੂੰ ਗਰੇਸ ਨੰਬਰ ਦਿਵਾਉਣ ਲਈ ਵੀ ਸਿੱਖਿਆ ਵਿਭਾਗ ਨੂੰ ਸਿਫਾਰਸ਼ ਕੀਤੀ ਜਾਵੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸੂਬੇਦਾਰ ਕਮਲਜੀਤ ਸਿੰਘ ਕਮਾਲਪੁਰਾ, ਐਡਵੋਕੇਟ ਕਰਮ ਸਿੰਘ ਸਿੱਧੂ, ਛਿੰਦਰਪਾਲ ਸਿੰਘ ਮੀਨੀਆਂ, ਮੁਖਤਿਆਰ ਸਿੰਘ ਮਾਣੂੰਕੇ, ਪਾਲੀ ਡੱਲਾ, ਕਾਕਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ ਸਨ।
No comments:
Post a Comment