SBP GROUP

SBP GROUP

Search This Blog

Total Pageviews

‘ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ’ ਬਾਰੇ ਵਿਚਾਰ ਚਰਚਾ*

ਐਸ ਏ ਐਸ ਨਗਰ, 18 ਅਪ੍ਰੈਲ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਪੁਆਧੀ ਮੰਚ ਮੋਹਾਲੀ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ: ਪ੍ਰਚਾਰ ਅਤੇ ਪ੍ਰਸਾਰ’ ਦੀ ਲੜੀ ਤਹਿਤ ਪੁਆਧੀ ਉਪਭਾਸ਼ਾ ਬਾਰੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਡਾ. ਆਤਮਜੀਤ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਉੱਘੇ ਨਾਵਲਕਾਰ ਜਸਬੀਰ ਮੰਡ ਵੱਲੋਂ ਸ਼ਿਰਕਤ ਕੀਤੀ ਗਈ।



ਸਮਾਗਮ ਦੀ ਸ਼ੁਰੂਆਤ 
ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਆਖਿਆ ਗਿਆ ਕਿ ਪੁਆਧੀ ਉਪਭਾਸ਼ਾ ਦੀ ਆਪਣੀ ਵੱਖਰੀ ਨੁਹਾਰ ਹੈ। ਉਨ੍ਹਾਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। 
ਪਰਚਾ ਲੇਖਕ ਮੋਹਿਨੀ ਤੂਰ ਵੱਲੋਂ 'ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪੁਆਧੀ ਅਖਾੜਾ ਪਰੰਪਰਾ ਦਾ ਯੋਗਦਾਨ' ਵਿਸ਼ੇ ਖੋਜ ਭਰਪੂਰ ਪਰਚਾ ਪੜ੍ਹਿਆ ਗਿਆ। ਉਨ੍ਹਾਂ ਵੱਲੋਂ ਉੱਤਰੀ ਅਤੇ ਪੱਛਮੀ ਪੁਆਧੀ ਦੀਆਂ ਵਿਭਿੰਨਤਾਵਾਂ ਅਤੇ ਸਮਾਨਤਾਵਾਂ ਦੇ ਸਮਾਨਾਂਤਰ ਇਸ ਦੇ ਵਿਕਾਸ ਬਾਰੇ ਗੱਲ ਕਰਦੇ ਹੋਏ ਭਗਤ ਆਸਾ ਰਾਮ ਬੈਦਵਾਣ ਦੀ ਅਖਾੜਾ ਪਰੰਪਰਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਇਸੇ ਤਰ੍ਹਾਂ ਡਾ. ਗੁਰਮੀਤ ਸਿੰਘ ਬੈਦਵਾਣ ਨੇ 'ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪੁਆਧੀ ਉਪਭਾਸ਼ਾ ਦਾ ਯੋਗਦਾਨ' ਵਿਸ਼ੇ ਬਾਰੇ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਪੁਆਧੀ ਉਪਭਾਸ਼ਾ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਦੀ ਗੱਲ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਪਿੜ੍ਹ ਅੰਦਰ ਪੁਆਧੀ ਉਪਭਾਸ਼ਾ ਦੀ ਵਿਲੱਖਣਤਾ ਦੀ ਨਿਸ਼ਾਨਦੇਹੀ ਕੀਤੀ। 

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਆਤਮਜੀਤ ਅਨੁਸਾਰ ਕਿਸੇ ਵੀ ਬੋਲੀ ਉੱਤੇ ਭੂਗੋਲਿਕ ਅਤੇ ਰਾਜਨੀਤਕ ਹਾਲਤਾਂ ਦੇ ਨਾਲ-ਨਾਲ ਬੁਲਾਰਿਆਂ ਦੇ ਜਜ਼ਬਾਤੀ ਪੱਖ ਦਾ ਵੀ ਪੂਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਅਸੀਂ ਭਾਸ਼ਾ ਨੂੰ ਜਿਉਂਦੇ ਹਾਂ। ਉਨ੍ਹਾਂ ਨੇ ਇਹ ਵੀ ਆਖਿਆ ਕਿ ਮੈਂ ਆਪਣੇ ਆਪ ਨੂੰ ਮਾਤ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਖੋਜ ਸਕਦਾ। ਉੱਘੇ ਨਾਵਲਕਾਰ ਜਸਬੀਰ ਮੰਡ ਆਖਿਆ ਕਿ ਪੁਆਧੀ ਉਪਭਾਸ਼ਾ ਦੇ ਵਿਕਾਸ ਲਈ ਸਾਨੂੰ ਖੋਜ ਤੇ ਸਿਰਜਣਾ ਦਾ ਰਾਹ ਅਪਣਾਉਣਾ ਪਵੇਗਾ ਅਤੇ ਉਸਾਰੂ ਸਾਹਿਤ ਸਿਰਜਣਾ ਸਮੇਂ ਦੀ ਮੁੱਖ ਮੰਗ ਹੈ। ਤੁਹਾਡੇ ਖਿੱਤੇ ਦੀ ਖੁਸ਼ਬੋਈ ਤੁਹਾਡੀ ਸ਼ਖਸੀਅਤ ਵਿੱਚੋਂ ਆਉਣੀ ਚਾਹੀਦੀ ਹੈ।

ਇਨ੍ਹਾਂ ਤੋਂ ਇਲਾਵਾ ਸ਼੍ਰੀ ਰਾਬਿੰਦਰ ਸਿੰਘ ਰੱਬੀ ਅਨੁਸਾਰ ਪੁਆਧੀ ਬੋਲੀ ਨੂੰ ਪੰਜਾਬ ਦੀ ਮੁੱਖ ਧਾਰਾ ਤੋਂ ਪਾਸੇ ਹੀ ਰੱਖਿਆ ਗਿਆ ਹੈ। ਸ਼੍ਰੀ ਗੁਰਪ੍ਰੀਤ ਸਿੰਘ ਨਿਆਮੀਆਂ ਅਨੁਸਾਰ ਹੁਣ ਪੁਆਧੀ ਉਪਭਾਸ਼ਾ ਬਾਰੇ ਗੱਲ ਆਰੰਭ ਹੋਈ ਹੈ ਜੋ ਭਵਿੱਖ ਲਈ ਸ਼ੁੱਭ ਸੰਕੇਤ ਹੈ। ਸਾਨੂੰ ਆਪਣੇ ਵਿਲੱਖਣ ਰੰਗ ਉੱਤੇ ਮਾਣ ਹੋਣਾ ਚਾਹੀਦਾ ਹੈ। ਸ਼੍ਰੀ ਸਤਵਿੰਦਰ ਸਿੰਘ ਧੜਾਕ ਨੇ ਕਿਹਾ ਕਿ ਇਲਕਾਈ ਬੋਲੀਆਂ ਦੇ ਵਿਕਾਸ ਨਾਲ ਹੀ ਮੁੱਖ ਬੋਲੀ ਦਾ ਵਿਕਾਸ ਸੰਭਵ ਹੈ। ਸ਼੍ਰੀ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਸਾਰੀਆਂ ਹੀ ਉਪ-ਭਾਸ਼ਾਵਾਂ ਮਾਣਯੋਗ ਹਨ। ਸਾਨੂੰ ਕਿਸੇ ਬੋਲੀ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਹੀਣ ਭਾਵਨਾ ਦਾ ਸ਼ਿਕਾਰ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਬਲਦੇਵ ਸਿੰਘ ਬਿੰਦਰਾ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਧਿਆਨ ਸਿੰਘ ਕਾਹਲੋਂ, ਹਰਪਾਲ ਸਿੰਘ, ਭੁਪਿੰਦਰ ਸਿੰਘ ਮਟੌਰੀਆ, ਸਰਦਾਰਾ ਸਿੰਘ ਚੀਮਾ, ਦਿਲਬਾਗ ਸਿੰਘ, ਰਘਬੀਰ ਭੁੱਲਰ, ਭਗਵੰਤ ਸਿੰਘ, ਵਿੱਕੀ ਸਿੰਘ, ਜਰਨੈਲ ਹੁਸ਼ਿਆਰਪੁਰੀ, ਸੁਖਵੀਰ ਸਿੰਘ ਖਾਨਪੁਰ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

No comments:


Wikipedia

Search results

Powered By Blogger