ਐੱਸ.ਏ.ਐੱਸ. ਨਗਰ ਨੇ ਪੋਸ਼ਣ ਪਖਵਾੜੇ ਵਿੱਚ ਦੂਜਾ ਸਥਾਨ ਕੀਤਾ ਹਾਸਲ
ਐੱਸ.ਏ.ਐੱਸ. ਨਗਰ, 17 ਮਈ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਅਨੁਸਾਰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਵਿੱਤੀ ਸਾਲ 2022-23 ਦੌਰਾਨ ਜ਼ਿਲ੍ਹੇ ਦੇ 2,735 ਲਾਭਪਾਤਰੀਆਂ ਨੂੰ ਜਣੇਪਾ ਲਾਭ ਵਜੋਂ 58,25,000/- ਰੁਪਏ ਦੀ ਰਾਸ਼ੀ ਤਕਸੀਮ ਕੀਤੀ ਗਈ ਹੈ।
ਜ਼ਿਲ੍ਹਾ ਵਾਸੀਆਂ ਨੂੰ ਵੱਖੋ-ਵੱਖ ਲੋਕ ਭਲਾਈ ਸਕੀਮਾਂ ਦੇ ਦਿੱਤੇ ਜਾ ਰਹੇ ਲਾਭਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇਸ ਦੇ ਨਾਲ ਨਾਲ ਜ਼ਿਲ੍ਹੇ ਦੇ ਕੁੱਲ 37,210 ਲਾਭਪਾਤਰੀਆਂ, ਇਹਨਾਂ ਵਿਚ 29,644 ਲਾਭਪਾਤਰੀ 6 ਮਹੀਨੇ ਤੋਂ 6 ਸਾਲ ਦੇ ਬੱਚੇ ਅਤੇ 7,566 ਗਰਭਵਤੀ ਤੇ ਨਰਸਿੰਗ ਮਾਵਾਂ ਸਨ, ਨੂੰ ਆਂਗਣਵਾੜੀ ਸੈਂਟਰਾਂ ਰਾਹੀਂ ਕਣਕ, ਬੇਸਣ, ਸੋਇਆ-ਨਿਉਟ੍ਰੀ, ਪੰਜੀਰੀ, ਸੁੱਕਾ ਦੁੱਧ, ਚੌਲ, ਖੰਡ, ਲੂਣ, ਮੂੰਗਦਾਲ ਅਤੇ ਸੋਇਆ ਆਟਾ ਸਪਲੀਮੈਂਟਰੀ ਨਿਊਟਰੀਸ਼ਨ ਦਿੱਤਾ ਗਿਆ ਹੈ।
ਪੋਸ਼ਣ ਅਭਿਆਨ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਨੇ 1 ਤੋਂ 30 ਸਤੰਬਰ 2022 ਤੱਕ ਮਨਾਏ ਗਏ ਪੋਸ਼ਣ ਮਾਹ ਵਿੱਚ ਚੌਥਾ ਸਥਾਨ ਅਤੇ 20 ਮਾਰਚ ਤੋਂ 3 ਅਪ੍ਰੈਲ, 2023 ਤੱਕ ਮਨਾਏ ਗਏ ਪੋਸ਼ਣ ਪਖਵਾੜੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜਿਸ ਤੋਂ ਜ਼ਿਲ੍ਹੇ ਵਿਚ ਇਸ ਮੁਹਿੰਮ ਦੀ ਸਫਲਤਾ ਦਾ ਪ੍ਰਗਟਾਵਾ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਸ਼ਣ ਅਭਿਆਨ ਤਹਿਤ ਜ਼ਿਲ੍ਹੇ ਅਧੀਨ ਚੱਲ ਰਹੇ 647 ਆਂਗਣਵਾੜੀ ਸੈਂਟਰਾਂ ਵਿੱਚ ਹਰ ਮਹੀਨੇ ਕਮਿਊਨਟੀ ਆਧਾਰਤ ਸਮਾਗਮਾਂ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ 0-6 ਸਾਲ ਦੇ ਬੱਚਿਆਂ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਕਿਸ਼ੋਰ ਲੜਕੀਆਂ ਆਦਿ ਲਾਭਪਾਤਰੀਆਂ ਦੀ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ ਖੇਤਰੀ ਭੋਜਨ/ਘੱਟ ਲਾਗਤ ਵਾਲੇ ਪਕਵਾਨਾਂ, ਨਿੱਜੀ ਸਫਾਈ, ਕਿਚਨ ਗਾਰਡਨ, ਗਰੌਥ ਮੋਨੀਟਰਿੰਗ ਆਦਿ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਅਨੀਮੀਆ ਦੀ ਵੱਧ ਰਹੀ ਸਮੱਸਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਪੋਸ਼ਣ ਅਭਿਆਨ ਤਹਿਤ ਅਨੀਮੀਆ ਸਬੰਧੀ ਦਿਵਸ ਮਨਾਇਆ ਜਾਂਦਾ ਹੈ।
No comments:
Post a Comment