Tuesday, May 30, 2023

ਕੈਬਨਿਟ ਮੰਤਰੀ ਚੀਮਾ ਵੱਲੋਂ ਟੈਕਸ ਇੰਟੈਲੀਜੈਂਸ ਯੂਨਿਟ ਦੁਆਰਾ ਵਿਕਸਤ ਟੈਕਸ ਇੰਟੈਲੀਜੈਂਸ ਪੋਰਟਲ ਲਾਂਚ

 ਐੱਸ.ਏ.ਐੱਸ. ਨਗਰ, 30 ਮਈ : ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਟੈਕਸ ਇੰਟੈਲੀਜੈਂਸ ਯੂਨਿਟ ਦੁਆਰਾ ਰਾਜ ਦੇ ਜੀਐਸਟੀ ਅਧਿਕਾਰੀਆਂ ਲਈ ਵਿਕਸਤ ਟੈਕਸ ਇੰਟੈਲੀਜੈਂਸ ਪੋਰਟਲ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਰ ਵਿਭਾਗ ਦੀਆਂ 8 ਇਨੋਵਾ ਕਾਰਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ।

ਇੱਥੇ ਆਬਕਾਰੀ ਤੇ ਕਰ ਭਵਨ ਵਿਖੇ ਟੈਕਸ ਇੰਟੈਲੀਜੈਂਸ ਪੋਰਟਲ ਦੀ ਸ਼ੁਰੂਆਤ ਕਰਦਿਆਂ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪੋਰਟਲ ਰਾਜ ਦੇ ਕਰ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਕਰ ਉਗਰਾਹੀ ਅਤੇ ਕਰ ਪਾਲਣਾ ਦਾ ਵਿਸ਼ਲੇਸ਼ਣ ਅਤੇ ਨਿਗਰਾਨੀ ਕਰਨ ਵਿੱਚ ਮਦਦ ਕਰੇਗਾ। 


ਸ. ਚੀਮਾ ਨੇ ਕਿਹਾ ਕਿ ਇਹ ਸਿਸਟਮ ਡਿਫਾਲਟਰਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਖੇਤਰੀ ਪੱਧਰ ਦੇ ਦਫਤਰਾਂ ਅਤੇ ਇਨਫੋਰਸਮੈਂਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਵਿਭਾਗ ਦੇ ਫੀਡਲ ਅਧਿਕਾਰੀਆਂ ਨੂੰ ਬੈਕਵਰਡ ਸਪਲਾਈ ਚੇਨ ਵੈਰੀਫਿਕੇਸ਼ਨ ਲਿੰਕੇਜ ਅਤੇ ਕਾਰਵਾਈਯੋਗ ਰਿਪੋਰਟਾਂ ਵੀ ਪ੍ਰਦਾਨ ਕਰਦਾ ਹੈ।

ਇਸ ਪੋਰਟਲ ਰਾਹੀਂ ਉਪਲਬਧ ਵੱਖ-ਵੱਖ ਡੇਟਾ ਦੇ ਪ੍ਰਭਾਵਸ਼ਾਲੀ ਵਿਸ਼ਲੇਸ਼ਣ, ਕਰਦਾਤਾਵਾਂ ਦੁਆਰਾ ਪਾਲਣਾ, ਵਾਪਸੀਆਂ ਦੀ ਤਸਦੀਕ ਵਿੱਚ ਬਿਹਤਰ ਜਾਂਚ, ਆਡਿਟ ਪ੍ਰਕਿਰਿਆਵਾਂ ਵਿੱਚ ਅਸਾਨੀ, ਪੂਰੀ ਸਪਲਾਈ ਚੇਨ ਵਿਸ਼ਲੇਸ਼ਣ, ਰਿਟਰਨ ਡਿਫਾਲਟਰਾਂ ਦੀ ਲਾਈਵ ਨਿਗਰਾਨੀ ਅਤੇ ਦੇਰੀ ਨਾਲ ਕਰ ਅਦਾ ਕਰਨ ਵਾਲਿਆਂ ਦੇ ਵਿਆਜ ਦੀ ਗਿਣਤੀ ਵਿੱਚ ਮਦਦ ਮਿਲੇਗੀ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਕਰ ਵਿਭਾਗ ਦੀਆਂ ਨਵੀਆਂ ਖਰੀਦੀਆਂ 8 ਇਨੋਵਾ ਕਾਰਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਵਿਭਾਗ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਕਾਫਲੇ ਵਿੱਚ ਵਿੱਚ ਜਲਦੀ ਹੀ 42 ਹੋਰ ਅਜਿਹੇ ਵਾਹਨ ਸ਼ਾਮਲ ਕੀਤੇ ਜਾਣਗੇ। 

ਸ. ਹਰਪਾਲ ਸਿੰਘ ਚੀਮਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ, ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਆਬਕਾਰੀ ਕਮਿਸ਼ਨਰ ਵਰੁਣ ਰੂਜਮ, ਵਧੀਕ ਕਮਿਸ਼ਨਰ-1 ਵਿਰਾਜ ਐਸ. ਤਿਡਕੇ, ਡਾਇਰੈਕਟਰ ਇਨਵੈਸਟੀਗੇਸ਼ਨ ਤੇਜਵੀਰ ਸਿੰਘ ਸਿੱਧੂ ਵੀ ਹਾਜ਼ਰ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger