ਐਸ.ਏ.ਐਸ ਨਗਰ 08 ਮਈ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਅੱਜ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ‘ਸ਼ਾਮ ਦੀ ਸ਼ਾਖ਼ ‘ਤੇ’ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ, ਸੁਖਵਿੰਦਰ ਅੰਮ੍ਰਿਤ ਅਤੇ ਅਜਮੇਰ ਸਿੱਧੂ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀ ਸੁਭਾਸ਼ ਭਾਸਕਰ ਵੱਲੋਂ ਸ਼ਿਰਕਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ (ਮੋਹਾਲੀ) ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਉਨ੍ਹਾਂ ਵੱਲੋਂ ਕੁਲਵਿੰਦਰ ਦੀ ਸ਼ਾਇਰੀ ਨੂੰ ਵਿਸ਼ਵੀ ਵਰਤਾਰਿਆਂ ਤੋਂ ਚੁਕੰਨਿਆ ਕਰਦੀ ਮਾਨਵੀ ਸੰਵੇਦਨਾ ਨੂੰ ਮੁਖਾਤਿਬ ਹੋਣ ਦੀ ਸ਼ਾਇਰੀ ਆਖਿਆ। ਉਹਨਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕੁਲਵਿੰਦਰ ਦਾ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ਼ ‘ਤੇ’ ਲੋਕ ਅਰਪਣ ਕੀਤਾ ਗਿਆ।
ਪ੍ਰੋ. ਸੁਰਜੀਤ ਜੱਜ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਵਿਸਥਾਰ ਸਹਿਤ ਬੋਲਦਿਆਂ ਕਿਹਾ ਕਿ ਕੁਲਵਿੰਦਰ ਦੀ ਗ਼ਜ਼ਲ ਪਰਵਾਸ ਦੀਆਂ ਰਵਾਇਤਾਂ ਦਾ ਵਿਖੰਡਨ ਕਰਦੀ ਸਮਕਾਲੀ ਸਰੋਕਾਰਾਂ ਨਾਲ ਵਾਬਸਤਾ ਹੈ। ਉਹ ਬਿੰਬ ਸਿਰਜਦਾ ਹੈ, ਜਿਸ ਨੂੰ ਉਹ ਬਾਖ਼ੂਬੀ ਨਿਭਾਉਣਾ ਵੀ ਜਾਣਦਾ ਹੈ। ਸੁਖਵਿੰਦਰ ਅੰਮ੍ਰਿਤ ਵੱਲੋਂ ਕੁਲਵਿੰਦਰ ਦੀ ਸ਼ਾਇਰੀ ਬਾਰੇ ਗੱਲ ਕਰਦੇ ਹੋਏ ਉਸ ਨੂੰ ਮਾਨਵੀ ਸੰਘਰਸ਼ ਦਾ ਸ਼ਾਇਰ ਆਖਿਆ ਹੈ। ਉਹਨਾਂ ਵੱਲੋਂ ਇਹ ਵੀ ਕਿਹਾ ਕਿ ਇਹ ਸ਼ਾਇਰੀ ਲੋਕਾਈ ਨੂੰ ਰਸਤਾ ਦਿਖਾਉਂਦੀ ਹੈ।
ਅਜਮੇਰ ਸਿੱਧੂ ਅਨੁਸਾਰ ਇਹ ਸ਼ਾਇਰੀ ਕੁਦਰਤ ਦੇ ਵਰਤਾਰਿਆਂ ਨੂੰ ਆਪਣੀ ਬੁੱਕਲ ਵਿੱਚ ਸਮਾਉਂਦੀ ਪੰਜਾਬ ਅਤੇ ਪੰਜਾਬੋਂ ਬਾਹਰ ਲੋਕਾਂ ਦੀਆਂ ਪੀੜਾਂ ਦੀ ਸ਼ਾਇਰੀ ਹੈ। ਲੇਕਿਨ ਇਸ ਦੀ ਆਸ਼ਾਵਾਦੀ ਸੁਰ ਹੋਣ ਕਰਕੇ ਇਹ ਚਾਨਣ ਦੀ ਸ਼ਾਇਰੀ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੁਭਾਸ਼ ਭਾਸਕਰ ਵੱਲੋਂ ਕੁਲਵਿੰਦਰ ਦੀ ਸ਼ਾਇਰੀ ਨੂੰ ਸੰਘਰਸ਼ ਦੀ ਸ਼ਾਇਰੀ ਆਖਦਿਆਂ ਲੋਕਾਈ ਲਈ ਮਾਰਗ ਦਰਸ਼ਕ ਵਜੋਂ ਸਾਹਮਣੇ ਆਉਣ ਵਾਲੀ ਕਿਹਾ ਹੈ।
ਸ਼੍ਰੀ ਰਾਮ ਅਰਸ਼ ਨੇ ਕੁਲਵਿੰਦਰ ਦੀ ਸ਼ਾਇਰੀ ਨੂੰ ਜ਼ਿੰਦਗੀ ਨਾਲ ਜੁੜੀ ਹੋਈ ਹੋਣ ਕਰਕੇ ਲੋਕਾਂ ਦਾ ਸ਼ਾਇਰ ਕਿਹਾ। ਗੁਰਜੰਟ ਰਾਜੇਆਣਾ ਵੱਲੋਂ ਆਪਣੇ ਪੜ੍ਹੇ ਗਏ ਪੇਪਰ ਵਿੱਚ ਕਿਹਾ ਗਿਆ ਕਿ ਕੁਲਵਿੰਦਰ ਮਾਨਵੀ ਸੰਵੇਦਨਾ ਦਾ ਸ਼ਾਇਰ ਹੋਣ ਕਰਕੇ ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਫਿਕਰ ਰੱਖਦਿਆਂ ਨਵੇਂ ਪ੍ਰਤੀਕ ਅਤੇ ਬਿੰਬ ਘੜਦਾ ਹੈ।
ਪਵਨਦੀਪ ਵੱਲੋਂ ‘ਸ਼ਾਮ ਦੀ ਸ਼ਾਖ਼ਾ ‘ਤੇ’ ਗ਼ਜ਼ਲ ਸੰਗ੍ਰਹਿ ਵਿਚੋਂ ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ਦਾ ਗਾਇਨ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਧਿਆਨ ਸਿੰਘ ਕਾਹਲੋਂ, ਡਾ. ਸੁਰਿੰਦਰ ਗਿੱਲ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸੁਮਨ, ਸ਼ਾਇਰ ਭੱਟੀ, ਪਵਨਦੀਪ ਚੌਹਾਨ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
No comments:
Post a Comment