ਚੰਡੀਗੜ੍ਹ, 2 ਜੂਨ : ਰਾਜਨੀਤੀ ਵਿੱਚ ਨਾ ਕੋਈ ਸਥਾਈ ਦੁਸ਼ਮਣ ਹੁੰਦਾ ਹੈ ਅਤੇ ਨਾ ਹੀ ਕੋਈ ਸਥਾਈ ਮਿੱਤਰ। ਸਮੇਂ ਦੇ ਬੀਤਣ ਨਾਲ ਇੱਥੇ ਸਭ ਕੁਝ ਬਦਲ ਜਾਂਦਾ ਹੈ। ਇਸ ਦੀ ਮਿਸਾਲ ਵੀਰਵਾਰ ਨੂੰ ਜਲੰਧਰ 'ਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਦੇਖਣ ਨੂੰ ਮਿਲੀ।
ਇਸ ਮੀਟਿੰਗ ਵਿੱਚ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇੱਕ-ਦੂਜੇ ਨਾਲ ਜੱਫੀਆਂ ਪਾਉਂਦੇ ਨਜ਼ਰ ਆਏ।ਆਮ ਪ੍ਰੋਗਰਾਮ ਤੋਂ ਲੈ ਕੇ ਵਿਧਾਨ ਸਭਾ ਤੱਕ ਹਰ ਥਾਂ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਇਕ-ਦੂਜੇ 'ਤੇ ਤਿੱਖੇ ਨਿਸ਼ਾਨੇ ਸਾਧਣ ਵਾਲੇ ਦੋਵੇਂ ਆਗੂ ਸਰਬ ਪਾਰਟੀ ਮੀਟਿੰਗ 'ਚ ਦੋਸਤੀ ਦਾ ਹੱਥ ਵਧਾਉਂਦੇ ਨਜ਼ਰ ਆਏ।ਇਸ ਤੋਂ ਬਾਦ ਸਿੱਧੂ ਨੇ ਕਿਹਾ ਕਿ ਜੱਫੀ ਪਾਈ ਹੈ ਪੱਪੀ ਨਹੀਂ ਲਈ। ਇਸ 'ਤੇ ਪੂਰੇ ਹਾਲ 'ਚ ਹਾਸਾ ਮਚ ਗਿਆ। ਉਦੋਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਮਜੀਠੀਆ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਆਪਸੀ ਮਤਭੇਦ ਵਿਚਾਰਧਾਰਾ ਅਤੇ ਪਾਰਟੀ ਦੇ ਹਨ ਜੋ ਭਵਿੱਖ ਵਿੱਚ ਵੀ ਰਹਿਣਗੇ।ਸਿੱਧੂ ਨੇ ਕਿਹਾ ਕਿ ਦੂਰੀ ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਹੱਥ ਮਿਲਾਉਣ ਦੇ ਵੀ ਯੋਗ ਨਾ ਰਹੋ। ਉਨ੍ਹਾਂ ਕਿਹਾ ਕਿ ਮੈਂ ਮਜੀਠੀਆ ਨਾਲ ਕਾਫੀ ਦੂਰੀ ਬਣਾ ਲਈ ਸੀ, ਮੈਂ ਮੰਨਦਾ ਹਾਂ ਕਿ ਇਹ ਮੇਰੀ ਗਲਤੀ ਸੀ। ਬੰਦੇ ਦੇ ਚਾਹੇ ਜਿੰਨੇ ਮਰਜ਼ੀ ਮਨ ਮਟਾਵ ਕਿਉਂ ਨਾ ਹੋਣ ਪਰ ਜਦੋਂ ਉਹ ਦੁਨੀਆ ਦੇ ਸਾਹਮਣੇ ਮਿਲਣ ਤਾਂ ਘੱਟੋ-ਘੱਟ ਹੱਥ ਮਿਲਾਉਣ ਦੇ ਲਾਇਕ ਤਾਂ ਹੋਣ। ਮੇਰੇ ਵੀ ਮਤਭੇਦ ਹਨ, ਪਰ ਉਹ ਸਿਆਸੀ ਹਨ।ਜਿਕਰਯੋਗ ਹੈ ਕਿ ਜਦੋਂ ਤੱਕ ਦੋਵੇਂ ਜੇਲ੍ਹ ਨਹੀਂ ਗਏ ਸਨ, ਉਦੋਂ ਤੱਕ ਇੱਕ ਦੂਜੇ ਨੂੰ ਜੇਲ੍ਹ ਭੇਜਣ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਪਰ, ਜਦੋਂ ਦੋਵਾਂ ਨੇ ਪਟਿਆਲਾ ਜੇਲ੍ਹ ਵਿੱਚ ਸਾਲ ਸਾਲ ਬਿਤਾਏ ਤਾਂ ਉੱਥੇ ਦੇ ਭੋਜਨ ਅਤੇ ਪਾਣੀ ਨੇ ਇੱਕ ਦੂਜੇ ਪ੍ਰਤੀ ਦੁਸ਼ਮਣੀ ਖਤਮ ਕਰ ਦਿੱਤੀ। ਪਿਛਲੀ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੀ ਸਿੱਧੂ ਨੇ ਮਜੀਠੀਆ ਖਿਲਾਫ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


No comments:
Post a Comment