ਪੌਲੀਟੈਕਨਿਕ ਵਿੱਚ ਤਕਨੀਕੀ ਸਿੱਖਿਆ ਨੂੰ ਮਿਆਰੀ ਬਨਾਉਣ ਵੱਲ ਨਿਵੇਕਲਾ ਉੱਦਮ
ਖਰੜ, 16 ਜੂਨ : ਸਰਕਾਰੀ ਪੌਲੀਟੈਕਨਿਕ, ਖੂਨੀਮਾਜਰਾ ਦੇ ਡਿਪਲੋਮਾ ਪਾਸ ਕਰ ਚੁੱਕੇ ਅਤੇ ਡਿਪਲੋਮਾ ਕਰ ਰਹੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਆਈ.ਆਈ.ਟੀ. (ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ) ਰੋਪੜ ਦੇ ਸਹਿਯੋਗ ਨਾਲ 6-8 ਹਫਤੇ ਦੇ ਸ਼ਾਰਟ ਟਰਮ ਕੋਰਸ ਕਰਵਾਏ ਜਾਣਗੇ, ਜੋ ਕਿ ਵਿਦਿਆਰਥੀਆਂ ਦੇ ਹੁਨਰ ਨੂੰ ਪਹਿਚਾਣ ਉਦਯੋਗ ਦੀ ਮੰਗ ਅਨੁਸਾਰ ਨਵੀਨਤਮ ਤਕਨਾਲੋਜੀ ਦੇ ਕੋਰਸ ਹੋਣਗੇ। ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਡੀ.ਪੀ.ਐਸ. ਖਰਬੰਦਾਦੀ ਦੂਰ ਅੰਦੇਸ਼ੀ ਸੋਚ ਅਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿੱਚ ਇੱਕ ਵਫਦ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਮੀਟਿੰਗ ਦੌਰਾਨ ਆਈ.ਆਈ.ਟੀ. ਰੋਪੜ ਵਲੋਂ ਡਾ.ਅਪੂਰਵਾ ਮੋਦਗਿਲ,ਡੀਨ, ਕੰਪਿਊਟਰ ਸਾਇੰਸ ਅਤੇ ਸ੍ਰੀ ਲਗਵੀਸ਼ ਮਲਹੋਤਰਾ, ਡਾ. ਮਹਿੰਦਰ ਇਲੈਕਟ੍ਰਿਕਲ ਵਿਭਾਗ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਕੰਪਿਊਟਰ ਵਿਭਾਗ ਦੇ ਮੁਖੀ ਰਵਿੰਦਰ ਸਿੰਘ ਵਾਲੀਆ, ਇਲੈਕਟ੍ਰੀਕਲ ਵਿਭਾਗ ਦੇ ਮੁਖੀ ਡਾ ਅੰਸ਼ੂ ਸ਼ਰਮਾ, ਅਫਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਸ਼ਮੂਲੀਅਤ ਕੀਤੀ।
ਪ੍ਰਿੰਸੀਪਲ ਰਾਜੀਵ ਪੁਰੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸਿਵਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਅਤੇ ਇਲੈਕਟਰੀਕਲ ਦੇ ਤਿੰਨ ਕੋਰਸ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਜਾ ਰਹੇ ਹਨ, ਜਿਹਨਾਂ ਦੇ ਸਰਟੀਫਿਕੇਟ ਆਈ ਆਈ ਟੀ ਰੋਪੜ ਵੱਲੌਂ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਈ ਆਈ ਟੀ ਰੋਪੜ ਜਿਹੀ ਦੇਸ਼ ਦੀ ਮਿਆਰੀ ਤਕਨੀਕੀ ਸੰਸਥਾ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਲੈਣ ਦਾ ਮੌਕਾ ਮਿਲੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਹੋਣਗੇ, ਉਥੇ ਉਹਨਾਂ ਦੀ ਅੰਤਰ-ਰਾਸ਼ਟਰੀ ਪੱਧਰ ਉੱਪਰ ਵੀ ਪਹਿਚਾਣ ਵਧੇਗੀ। ਕਾਲਜ ਦੀ ਇਸ ਨਵੇਕਲੀ ਪਹਿਲ ਨਾਲ ਪੰਜਾਬ ਸਰਕਾਰ ਦੇ ਰੋਜ਼ਗਾਰ ਮਿਸ਼ਨ ਨੂੰ ਵੀ ਉਤਸ਼ਾਹ ਮਿਲੇਗਾ। ਇਸ ਪ੍ਰੋਗਰਾਮ ਦੇ ਦੌਰਾਨ ਸਰਕਾਰੀ ਪੌਲੀਟੈਕਨਿਕ ਕਾਲਜ ਦੇ ਸਟਾਫ ਨੂੰ ਵੀ ਆਈ ਆਈ ਟੀ ਰੋਪੜ ਵੱਲੌ ਨਵੀਨਤਮ ਤਕਨਾਲੋਜੀ ਦੀ ਟ੍ਰੇਨਿੰਗ ਕਰਵਾਈ ਜਾਵੇਗੀ, ਜਿਸ ਨਾਲ ਉਦਯੋਗਿਕ ਕੇੰਦਰ ਵਜੋਂ ਵਿਕਸਿਤ ਹੋ ਰਹੇ ਟ੍ਰਾਈ ਸੀਟੀ ਦੀਆਂ ਉਦਯੋਗਿਕ ਇਕਾਈਆਂ ਨੂੰ ਵੀ ਹੁਨਰਮੰਦ ਅਤੇ ਨਵੀਨਤਮ ਤਕਨਾਲੋਜੀ ਪ੍ਰਾਪਤ ਵਰਕ ਫੋਰਸ ਮਿਲਣ ਨਾਲ ਹੁਲਾਰਾ ਮਿਲੇਗਾ।


No comments:
Post a Comment