SBP GROUP

SBP GROUP

Search This Blog

Total Pageviews

Tuesday, July 18, 2023

ਭਗਵੰਤ ਮਾਨ ਸਰਕਾਰ ਹੜ੍ਹਾਂ ਕਾਰਨ ਹੋਏ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਵਚਨਬੱਧ - ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਖੇਤੀਬਾੜੀ ਮੰਤਰੀ ਨੇ ਡੇਰਾਬੱਸੀ ਦੀ ਘੱਗਰ ਬੈਲਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਡੇਰਾਬੱਸੀ/ ਐੱਸ.ਏ.ਐੱਸ. ਨਗਰ, 18 ਜੁਲਾਈ : ਡੇਰਾਬੱਸੀ ਦੀ ਘੱਗਰ ਬੈਲਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਜ਼ਮੀਨਾਂ ਦਾ ਜਾਇਜ਼ਾ ਲੈਂਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾਵੇਗਾ ਅਤੇ ਉਚਿੱਤ ਮੁਆਵਜ਼ਾ ਦਿੱਤਾ ਜਾਵੇਗਾ। ਉਹ ਅੱਜ ਸ਼ਾਮ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਪਿੰਡ ਡੇਹਰ, ਆਲਮਗੀਰ, ਟਿਵਾਣਾ, ਅਮਲਾਲਾ, ਖਜੂਰ ਮੰਡੀ ਅਤੇ ਸਾਧਾਂਪੁਰ ਦਾ ਦੌਰਾ ਕਰ ਰਹੇ ਸਨ।


       ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਹੜ੍ਹਾਂ ਦੀ ਮਾਰ ਹੇਠ ਆਈ ਸੂਬੇ ਡੀ ਖੇਤੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਦੁਖੀ ਕਿਸਾਨਾਂ ਦੀ ਮੱਦਦ ਲਈ ਅੱਗੇ ਆਵੇ ਅਤੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੀ ਅਗਵਾਈ ਕਰਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸੁਤੰਤਰ ਬਣਾਉਣ ਵਿੱਚ ਜਿੱਥੇ ਯੋਗਦਾਨ ਪਾਇਆ ਉੱਥੇ ਆਪਣੇ ਨੌਜੁਆਨਾਂ ਨੂੰ  ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਤੇ ਵੀ ਲਾਇਆ। ਉਨ੍ਹਾਂ ਕਿਹਾ ਕਿ ਫਸਲਾਂ ਦੇ ਭਾਰੀ ਨੁਕਸਾਨ ਤੋਂ ਉਭਰਨ ਲਈ ਕਿਸਾਨਾਂ ਦੀ ਮਦਦ ਕਰਨ ਦਾ ਇਹ ਸਹੀ ਸਮਾਂ ਹੈ।

       ਹੜ੍ਹ ਕਾਰਨ ਵੱਡੇ ਪੱਧਰ ਉੱਤੇ ਨੁਕਸਾਨੇ ਖੇਤਾਂ ਵਿੱਚ ਜਾ ਕੇ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਸ. ਖੁੱਡੀਆਂ ਨੇ ਕਿਹਾ ਕਿ ਕਦੇ ਬਹੁਤ ਹੀ ਉਪਜਾਊ ਰਹੀ ਜ਼ਮੀਨ ਅੱਜ ਘੱਗਰ ਦੀ ਮਾਰ ਨਾਲ ਘੱਗਰ ਦਾ ਹੀ ਰੂਪ ਹੋਈ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਯੋਜਨਾ ਨਹੀਂ ਬਣਾਈ ਤੇ ਨਾ ਹੀ ਘੱਗਰ ਦੇ ਕੰਢੇ ਪੱਕੇ ਕਰਨ ਲਈ ਕੋਈ ਉਪਰਾਲਾ ਕੀਤਾ ਗਿਆ। 

         ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨ ਤੋਂ ਜ਼ਮੀਨੀ ਪੱਧਰ ਉੱਤੇ ਲੋਕਾਂ ਵਿਚ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਵਿੱਖ ਵਿਚ ਅਜਿਹੇ ਇੰਤਜ਼ਾਮ ਕੀਤੇ ਜਾਣਗੇ ਕਿ ਲੋਕਾਂ ਨੂੰ ਅਜਿਹੇ ਦਿਨ ਮੁੜ ਨਹੀਂ ਦੇਖਣੇ ਪੈਣਗੇ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਨੇ ਇਕ ਦੂਜੇ ਦੀ ਬਾਂਹ ਫੜਨ ਵਿਚ ਕੋਈ ਕਸਰ ਨਹੀਂ ਛੱਡੀ। ਜਿਥੋਂ ਤਕ ਹੋ ਸਕਦਾ ਹੈ ਲੋਕ ਦੂਰ ਦੁਰਾਡੇ ਜਾ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਹਨ। 

          ਸ. ਖੁੱਡੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹਨਾਂ ਪਿੰਡਾਂ ਦੇ ਲੋਕ ਵੀ ਪ੍ਰਭਾਵਿਤ ਪਿੰਡਾਂ ਵਿਚ ਜ਼ਮੀਨਾਂ ਠੀਕ ਕਰਨ ਲਈ ਪੁੱਜ ਜਾਣਗੇ, ਜਿਹੜੇ ਪਿੰਡ ਹੜ੍ਹਾਂ ਦੀ ਮਾਰ ਤੋਂ ਬਚੇ ਹੋਏ ਹਨ। 

      ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ, ਦੇਸ਼ ਦੀ ਅਜ਼ਾਦੀ ਤੇ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਪੰਜਾਬੀਆਂ ਨੇ ਹਰ ਮੁਸ਼ਕਲ ਆਪਣੇ ਪਿੰਡੇ ਉੱਤੇ ਸਹੀ ਹੈ ਤੇ ਅੱਜ ਜਦੋਂ ਪੰਜਾਬ ਨੂੰ ਕੁਦਰਤ ਦੀ ਮਾਰ ਪਈ ਹੈ ਤਾਂ ਸਾਰੇ ਦੇਸ਼ ਨੂੰ ਪੰਜਾਬ ਨਾਲ ਖੜ੍ਹਨਾ ਚਾਹੀਦਾ ਹੈ। 

       ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਹਲਕਾ ਬਹੁਤ ਔਖੇ ਸਮਿਆਂ ਵਿਚੋਂ ਲੰਘ ਕੇ ਖੜ੍ਹਾ ਹੋਇਆ ਸੀ ਪਰ ਹੁਣ ਫੇਰ ਇਸ ਹਲਕੇ ਨੂੰ ਕੁਦਰਤ ਦੀ ਬਹੁਤ ਵੱਡੀ ਮਾਰ ਪਈ ਹੈ। ਇਸ ਕਰ ਕੇ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਜਿਸ ਸਬੰਧੀ ਕੈਬਨਿਟ ਮੰਤਰੀ ਨੇ ਹਰ ਮਦਦ ਦਾ ਭਰੋਸਾ ਦਿੱਤਾ। 

       ਇਸ ਮੌਕੇ ਐੱਸ ਡੀ ਐਮ ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ, ਏ.ਐੱਸ.ਪੀ. ਦਰਪਣ ਆਹਲੂਵਾਲੀਆ ਅਤੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

No comments:


Wikipedia

Search results

Powered By Blogger