ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜੁਲਾਈ : ਜ਼ਿਲ੍ਹੇ ’ਚ ਭਾਰੀ ਬਰਸਾਤ ਵੱਲੋਂ ਸੜ੍ਹਕਾਂ ਨੂੰ ਵੱਡੀ ਪੱਧਰ ’ਤੇ ਪਹੁੰਚਾਏ ਨੁਕਸਾਨ ਤੋਂ ਬਾਅਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਇਨ੍ਹਾਂ ਦੀ ਮੁਰੰਮਤ ਦੇ ਦਿੱਤੇ ਆਦੇਸ਼ਾਂ ਦੇੇ ਮੱਦੇਨਜ਼ਰ ਪਿੰਡਾਂ ’ਚ ਮਨਰੇਗਾ ਕਾਮਿਆਂ ਰਾਹੀਂ ਸੜ੍ਹਕਾਂ ’ਤੇ ਪਈਆਂ ਘਾਰਾਂ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਏ ਡੀ ਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਰਾਹੀਂ ਸ਼ੁਰੂ ਕੀਤੇ ਇਸ ਕੰਮ ਨੂੰ ਜਲਦ ਨਿਪਟਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸੜ੍ਹਕਾਂ ਦਾ ਕੰਢੇ ਮਿੱਟੀ ਖੁਰਨ ਕਾਰਨ ਆਲੇ-ਦੁਆਲੇ ਖਾਈਆਂ ਬਣ ਗਈਆਂ ਹਨ, ਜਿਨ੍ਹਾਂ ਨੂੰ ਮਿੱਟੀ ਪਾ ਕੇ ਤੇ ਬਰਮ ਬੰਨ੍ਹ ਕੇ ਠੀਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਸੜ੍ਹਕੀ ਢਾਂਚੇ ਨੂੰ ਦਰੁਸਤ ਕਰਨ ਅਤੇ ਇਸ ਕੰਮ ਲਈ ਮਨਰੇਗਾ ਵਰਕਰਾਂ ਨੂੰ ਢੁਕਵੀਂ ਜ਼ਿੰਮੇਂਵਾਰੀ ਦੇਣ ਲਈ ਕਿਹਾ ਗਿਆ ਸੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਨੁਸਾਰ ਉਨ੍ਹਾਂ ਵੱਲੋਂ ਡੀ ਡੀ ਪੀ ਓ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਇਸ ਸਬੰਧੀ ਸਮਾਂ ਬੱਧ ਕਾਰਵਾਈ ਲਈ ਆਖਿਆ ਗਿਆ ਸੀ, ਜਿਸ ’ਤੇ ਅਮਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚਾਹੇ ਲਿੰਕ ਸੜ੍ਹਕਾਂ ਦਾ ਜ਼ਿਆਦਾਤਰ ਕੰਮ ਮੰਡੀ ਬੋਰਡ ਕੋੋਲ ਹੈ ਪਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ, ਆਰਜ਼ੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਵੱਲੋਂ ਭਾਰੀ ਬਰਸਾਤਾਂ ਨਾਲ ਨੁਕਸਾਨੀਆਂ ਗਈਆਂ ਸੜ੍ਹਕਾਂ ਦੀ ਪਿੰਡਾਂ ’ਚ ਮਨਰੇਗਾ ਰਾਹੀਂ ਮੁਰੰਮਤ ਕਰਵਾਉਣ ਦੀ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਬਾਕੀ ਵਿਭਾਗਾਂ ਨੂੰ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘਟਾਉਣ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਹੈ।
No comments:
Post a Comment