ਪਹਿਲੇ ਦਿਨ ਘੱਗਰ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ’ਚ ਕੀਤੀ ਜਾਂਚ
ਡੇਰਾਬੱਸੀ, 13 ਜੁਲਾਈ : ਜ਼ਿਲ੍ਹੇ ਦੇ ਸਿਹਤ ਵਿਭਾਗ ਵੱਲੋਂ ਮਨੁੱਖਾਂ ਵਿੱਚ ਪਾਣੀ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਚਲਾਈ ਮੈਡੀਕਲ ਕੈਂਪਾਂ ਦੀ ਮੁਹਿੰਮ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ ਹੜ੍ਹਾਂ ਦੇ ਪ੍ਰਭਾਵ ਹੇਠ ਆਏ ਪਸ਼ੂਆਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਦੀ ਸਿਹਤ ਜਾਂਚ ਮੁਹਿੰਮ ਆਰੰਭ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਹੜ੍ਹਾਂ ਵਰਗੀ ਸਥਿਤੀ ਤੋਂ ਬਾਅਦ ਮਾਨਵੀ ਅਤੇ ਪਸ਼ੂ ਸਿਹਤ ਜਾਂਚ ਦੇ ਦਿੱਤੇ ਆਦੇਸ਼ਾਂ ਦੇ ਮੱਦੇਨਜ਼ਰ ਅੱਜ ਡੇਰਾਬੱਸੀ ਦੇ ਘੱਗਰ ਦੀ ਮਾਰ ਹੇਠ ਆਏ ਪਿੰਡਾਂ ’ਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਦੌਰਾ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ਼ਿਵਕਾਂਤ ਗੁਪਤਾ ਨੇ ਦੱਸਿਆ ਕਿ ਜਿਹੜੇ ਪਸ਼ੂ ਜ਼ਿਆਦਾ ਦੇਰ ਪਾਣੀ ’ਚ ਖੜ੍ਹੇ ਰਹਿ ਜਾਣ, ਉਹ ਇਨ੍ਹਾਂ ਦਿਨਾਂ ’ਚ ਹਾਈਪੋਥ੍ਰਮੀਆ (ਸਰੀਰ ਦਾ ਤਾਪਮਾਨ ਆਮ ਤੋਂ ਘਟ ਜਾਣਾ) ਅਤੇ ਔਫ਼ ਫ਼ੀਡ (ਭੁੱਖ ਨਾ ਲੱਗਣਾ) ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਘੱਗਰ ਦੇ ਪਾੜ ਬਾਅਦ ਸਾਧਾਂਪੁਰ, ਖਜੂਰ ਮੰਡੀ, ਟਿਵਾਣਾ ਅਤੇ ਆਲਮਗੀਰ ਵਿੱਚ ਪਸ਼ੂਆਂ ਨੂੰ ਵੀ ਪਾਣੀ ’ਚ ਖੜਨਾ ਪਿਆ ਸੀ ਅਤੇ ਉਧਰਲੇ ਇਲਾਕੇ ’ਚੋਂ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਸਬੰਧੀ ਸ਼ਿਕਾਇਤਾਂ ਮਿਲਣ ’ਤੇ ਵਿਸ਼ੇਸ਼ ਟੀਮਾਂ ਬਣਾ ਕੇ ਸਿਹਤ ਜਾਂਚ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ 40 ਦੇ ਕਰੀਬ ਪਸ਼ੂਆਂ ਦੀ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੋਹਾਲੀ ਸਬ ਡਵੀਜ਼ਨ ਦੇ ਪਿੰਡ ਰੁੜਕਾ ਵਿਖੇ ਪਸ਼ੂਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੁਧਾਰੂ ਪਸ਼ੂਆਂ ਜੋ ਕਿਸੇ ਪਿੰਡ ’ਚ ਪਾਣੀ ਆਉਣ ਦੀ ਸੂਰਤ ’ਚ ਪਾਣੀ ’ਚ ਜ਼ਿਆਦਾ ਦੇਰ ਖੜ੍ਹੇ ਰਹੇ, ’ਚ ਉਕਤ ਲੱਛਣਾਂ ਜਿਵੇਂ ਕਿ ਸਰੀਰ ਦਾ ਤਾਪਮਾਨ ਆਮ ਨਾਲੋਂ ਘੱਟ ਰਹਿਣਾ ਜਾਂ ਚਾਰਾ ਨਾ ਖਾਣਾ ਆਦਿ ਦੇ ਸਾਹਮਣੇ ਆਉਣ ’ਤੇ ਤੁਰੰਤ ਆਪਣੀ ਨੇੜਲੀ ਪਸ਼ੂ ਡਿਸਪੈਂਸਰੀ ਜਾਂ ਪਸ਼ੂ ਹਸਪਤਾਲ ਨਾਲ ਸੰਪਰਕ ਕਰਨ।
ਫ਼ੋਟੋ ਕੈਪਸ਼ਨ:
ਸਾਧਾਂਪੁਰ, ਖਜੂਰ ਮੰਡੀ, ਟਿਵਾਣਾ ਅਤੇ ਆਲਮਗੀਰ ਵਿੱਚ ਪਸ਼ੂਆਂ ਦੀ ਜਾਂਚ ਕਰਦੀਆਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ।
No comments:
Post a Comment