SBP GROUP

SBP GROUP

Search This Blog

Total Pageviews

ਡਾਇਰੀਆ ਪ੍ਰਭਾਵਿਤ ਖੇਤਰਾਂ ਵਿੱਚ ਕਲੋਰੀਨ ਗੋਲੀਆਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ-ਡੀ ਸੀ ਆਸ਼ਿਕਾ ਜੈਨ

ਲੋਕਾਂ ਨੂੰ ਸਿਹਤ ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜੁਲਾਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਸਾਰੇ ਸੰਵੇਦਨਸ਼ੀਲ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਕਲੋਰੀਨ ਪੈਲੇਟਸ (ਗੋਲੀਆਂ) ਉਪਲਬਧ ਕਰਵਾਉਣ ਦੇ ਹੁਕਮ ਦਿੱਤੇ ਹਨ।  ਉਹ ਅੱਜ ਇੱਥੇ ਏ.ਡੀ.ਸੀ.(ਪੇਂਡੂ ਵਿਕਾਸ), ਏ.ਡੀ.ਸੀ.(ਸ਼ਹਿਰੀ ਵਿਕਾਸ), ਜਨ ਸਿਹਤ (ਜਲ ਸਪਲਾਈ ਤੇ ਸੈਨੀਟੇਸ਼ਨ) ਅਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪਾਣੀ ਦੇ ਨਮੂਨੇ ਲੈਣ ਅਤੇ ਪ੍ਰਭਾਵਿਤ ਖੇਤਰਾਂ ਨੂੰ ਕਲੋਰੀਨ ਦੀਆਂ ਗੋਲੀਆਂ ਵੰਡਣ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ।


           ਜ਼ਿਲ੍ਹੇ ਵਿੱਚ ਡਾਇਰੀਆ ਦੇ ਵੱਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਸਿਹਤ ਸਾਵਧਾਨੀਆਂ ਤਹਿਤ ਲੋਕਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੋਰਨ (ਮੱਛਰਾਂ ਤੋਂ ਪੈਦਾ ਹੋਣ ਵਾਲੀਆਂ) ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਅਣਥੱਕ ਯਤਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਮੌਸਮ ਇਨ੍ਹਾਂ ਬਿਮਾਰੀਆਂ ਦੇ ਉਭਾਰ ਪ੍ਰਤੀ ਜ਼ਿਆਦਾ ਅਨੁਕੂਲ ਹੈ।

  ਉਨ੍ਹਾਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੰਚਾਇਤ ਸਕੱਤਰਾਂ ਰਾਹੀਂ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਿਹਤ ਕਰਮਚਾਰੀਆਂ ਦੀ ਮਦਦ ਨਾਲ ਸੰਵੇਦਨਸ਼ੀਲ ਰਿਹਾਇਸ਼ੀ ਬਸਤੀਆਂ ਜਾਂ ਪ੍ਰਭਾਵਿਤ ਖੇਤਰਾਂ ਦੇ ਹਰੇਕ ਘਰ ਨੂੰ ਲੋੜੀਂਦੀ ਮਾਤਰਾ ਵਿੱਚ ਕਲੋਰੀਨ ਪੈਲੇਟ ਪਹੁੰਚਾਉਣ ਨੂੰ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਕਲੋਰੀਨ ਪੈਲੇਟ ਦੀ ਵਰਤੋਂ ਸਾਵਧਾਨੀ ਨਾਲ ਕਰਨ ਲਈ ਵੀ ਜਾਗਰੂਕ ਕੀਤਾ ਜਾਵੇ ਕਿਉਂਕਿ ਇੱਕ ਗੋਲੀ 20 ਲੀਟਰ ਪਾਣੀ ਨੂੰ ਰੋਗਾਣੂ-ਮੁਕਤ ਕਰਨ ਲਈ ਕਾਫ਼ੀ ਹੈ, ਬਸ਼ਰਤੇ ਸੋਧੇ ਗਏ ਪਾਣੀ ਨੂੰ ਅੱਧੇ ਘੰਟੇ ਤੋਂ ਪਹਿਲਾਂ ਪੀਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ।

ਇਸ ਤੋਂ ਇਲਾਵਾ, ਸਿਹਤ ਵਿਭਾਗ ਵੱਲੋਂ ਡਾਇਰੀਆ, ਹੈਜ਼ੇ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਪਤਾ ਲੱਗਣ ਤੋਂ ਬਾਅਦ ਫਾਲੋ-ਅਪ ਕੇਸਾਂ ਵਜੋਂ ਉਨ੍ਹਾਂ ਦੀ ਤੰਦਰੁਸਤੀ ਨੂੰ ਵੀ ਯਕੀਨੀ ਬਣਾਇਆ ਜਾਵੇਗਾ।  ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਉਹ ਫੀਲਡ ਸਟਾਫ਼ ਨੂੰ ਸੁਚੇਤ ਕਰਨ ਕਿ ਠੀਕ ਨਾ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।

  ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਹਰੇਕ ਸਬ ਡਵੀਜ਼ਨ ਵਿੱਚ ਸਬੰਧਤ ਐਸ.ਡੀ.ਐਮਜ਼ ਦੁਆਰਾ ਇੱਕ ਕੰਟਰੋਲ ਰੂਮ ਸਥਾਪਤ ਕਰਕੇ ਵਸਨੀਕਾਂ ਨੂੰ ਹੜ੍ਹਾਂ ਤੋਂ ਬਾਅਦ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਕੋਵਿਡ ਪ੍ਰੋਟੋਕੋਲ ਵਰਗੀ ਇੱਕ ਐਸ ਓ ਪੀ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਕੰਟਰੋਲ ਰੂਮ ਵਿੱਚ ਦੋ ਅਪਰੇਟਰ ਹੋਣਗੇ ਜੋ ਮਰੀਜ਼ ਨੂੰ ਉਸਦੀ ਸਿਹਤ ਦੀ ਸਥਿਤੀ ਬਾਰੇ ਜਾਣਨ ਲਈ ਕਾਲ ਕਰਨਗੇ ਅਤੇ ਤੁਰੰਤ ਕਾਰਵਾਈ ਲਈ ਡਾਟਾ ਸਿਹਤ ਵਿਭਾਗ ਨਾਲ ਸਾਂਝਾ ਕੀਤਾ ਜਾਵੇਗਾ।

  ਮੀਟਿੰਗ ਵਿੱਚ ਏ ਡੀ ਸੀ ਅਮਿਤ ਬੈਂਬੀ, ਏ ਡੀ ਸੀ ਦਮਨਜੀਤ ਸਿੰਘ ਮਾਨ, ਸਿਵਲ ਸਰਜਨ ਡਾਕਟਰ ਮਹੇਸ਼ ਕੁਮਾਰ ਆਹੂਜਾ, ਡੀ ਡੀ ਪੀ ਓ ਅਮਰਿੰਦਰ ਸਿੰਘ ਚੌਹਾਨ, ਕਾਰਜਕਾਰੀ ਇੰਜਨੀਅਰ ਪਬਲਿਕ ਹੈਲਥ ਰਮਨਦੀਪ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਹਾਜ਼ਰ ਸਨ।


No comments:


Wikipedia

Search results

Powered By Blogger