ਐੱਸ.ਏ.ਐੱਸ ਨਗਰ, 10 ਸਤੰਬਰ : ਬੱਚਿਆਂ ਅਤੇ ਗਰਭਵਤੀ ਔਰਤਾਂ ਦਾ 100 ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਲਈ 11 ਸਤੰਬਰ ਤੋਂ ਮਿਸ਼ਨ ਇੰਦਰਧਨੁਸ਼-5.0 ਸ਼ੁਰੂ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਪੰਜ ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ 100 ਫੀਸਦੀ ਟੀਕਾਕਰਨ ਲਈ ਤਿੰਨ ਗੇੜਾਂ ਵਿੱਚ ਤੀਬਰ ਮਿਸ਼ਨ ਇੰਦਰਧਨੁਸ਼-5.0 ਚਲਾਇਆ ਜਾਵੇਗਾ।
ਪਹਿਲੇ ਗੇੜ ਦੀ ਸ਼ੁਰੂਆਤ 11 ਸਤੰਬਰ, 2023 ਤੋਂ ਹੋਵੇਗੀ। ਦੂਜਾ ਗੇੜ 9 ਅਕਤੂਬਰ ਤੋਂ ਚਲਾਇਆ ਜਾਵੇਗਾ ਜੋ 14 ਅਕਤੂਬਰ, 2023 ਤੱਕ ਜਾਰੀ ਰਹੇਗਾ। ਤੀਜਾ ਗੇੜ ਨਵੰਬਰ ਮਹੀਨੇ ਦੇ ਚੌਥੇ ਹਫਤੇ 20 ਨਵੰਬਰ, 2023 ਤੋਂ 25 ਨਵੰਬਰ, 2023 ਤੱਕ ਚੱਲੇਗਾ। ਇਸ ਮਿਸ਼ਨ ਦਾ ਮੁੱਖ ਮੰਤਵ ਬੱਚਿਆਂ ਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ ਨੂੰ ਯਕੀਨੀ ਬਣਾਉਣਾ ਹੈ ਤਾਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਕਰਕੇ ਬਾਲ ਅਤੇ ਮਾਤਰੀ ਮੌਤ ਦਰ ਨੂੰ ਘਟਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜ ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਕਿਸੇ ਕਾਰਨ ਕਿਸੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਫਿਰ ਅਧੂਰਾ ਟੀਕਾਕਰਨ ਹੋਇਆ ਹੈ, ਉਨ੍ਹਾਂ ਨੂੰ ਮਿਸ਼ਨ ਇੰਦਰਧਨੁਸ਼ ਅਧੀਨ ਵਿਸ਼ੇਸ਼ ਕੈਂਪਾਂ ਰਾਹੀਂ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਕਵਰ ਕੀਤੇ ਜਾਣਗੇ।
ਡਾ. ਡੋਗਰਾ ਨੇ ਕਿਹਾ ਕਿ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ। ਇਸ ਲਈ ਸ਼ਹਿਰੀ ਤੇ ਪੇਂਡੂ ਇਲਾਕਿਆਂ ਖਾਸ ਕਰਕੇ ਉਚ ਜੋਖਮ ਵਾਲੇ ਖੇਤਰਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਮਿਸ਼ਨ ਉਨ੍ਹਾਂ ਖੇਤਰਾਂ ਵਿੱਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾਵੇਗਾ, ਜਿੱਥੇ ਨਿਯਮਤ ਟੀਕਾਕਰਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ। ਇਸ ਵਿਸ਼ੇਸ਼ ਟੀਕਾਕਰਨ ਮਿਸ਼ਨ ਤਹਿਤ ਜ਼ਿਲ੍ਹੇ ਦੀਆਂ ਝੁੱਗੀਆਂ-ਝੌਂਪੜੀਆਂ, ਇੱਟਾਂ ਦੇ ਭੱਠਿਆਂ, ਗੁੱਜਰਾਂ ਦੇ ਡੇਰਿਆਂ, ਸ਼ੈੱਲਰਾਂ, ਦਾਣਾ ਮੰਡੀਆਂ, ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ, ਖੇਤੀਬਾੜੀ ਦੇ ਕੰਮਾਂ ਵਿਚ ਲੱਗੀ ਪ੍ਰਵਾਸੀ ਆਬਾਦੀ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਤੱਕ ਮੋਬਾਇਲ ਟੀਮਾਂ ਰਾਹੀਂ ਵਿਸ਼ੇਸ਼ ਪਹੁੰਚ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਤਿੰਨ ਗੇੜਾਂ ਦੇ ਲਾਭਪਾਤਰੀਆਂ ਨੂੰ ਯੂ-ਵਿਨ ਪੋਰਟਲ ਰਾਹੀਂ ਪੰਜੀਕਰਣ ਤੇ ਟੀਕਾਕਰਨ ਕੀਤਾ ਜਾਵੇਗਾ।
ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਡਾ. ਗਿਰੀਸ਼ ਡੋਗਰਾ
No comments:
Post a Comment