ਡੇਰਾਬੱਸੀ 13 ਸਤੰਬਰ : ਡੀ .ਸੀ. ਸ਼੍ਰੀਮਤੀ ਆਸ਼ਿਕਾ ਜੈਨ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਨੂੰ ਪਰਾਲੀ ਦੇ ਧੂੰਏਂ ਤੋਂ ਮੁਕਤ ਰੱਖਣ ਦੀਆਂ ਕੋਸ਼ਿਸ਼ਾਂ ਸਦਕਾ ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਡੇਰਾਬੱਸੀ ਦੇ ਪਿੰਡ ਝਵੰਸਾ, ਤਰੜਕ ਵਿਖੇ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਪਰਾਲੀ ਦੀਆਂ ਪੰਡਾ ਬਣਾਉਣ ਲਈ ਪ੍ਰੇਰਿਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਮਸ਼ੀਨਾਂ ਦਾ ਸਫ਼ਲ ਡੈਮੋ ਕੀਤਾ ਗਿਆ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਹਿਮਾਂਸ਼ੂ ਗੁਪਤਾ ਨੇ ਖੁਦ ਟ੍ਰੈਕਟਰ ਚਲਾ ਕੇ ਪਰਾਲੀ ਦੀਆਂ ਪੰਡਾਂ ਬਣਾਈਆਂ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਦਾਨਿਸ਼ ਕੁਮਾਰ ਨੇ ਕਿਸਾਨਾਂ ਨੂੰ ਪਰਾਲੀ ਸਾੜਣ ਦੀ ਬਜਾਏ ਪਰਾਲੀ ਦੀਆਂ ਪੰਡਾਂ ਬਣਵਾਉਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵਾਢੀ ਤੋਂ ਬਾਅਦ ਪਰਾਲੀ ਨੂੰ 2-3 ਦਿਨ ਦੀ ਧੁੱਪ ਲੱਗਣ ਬਾਅਦ, ਪਰਾਲੀ ਪੰਡਾਂ ਬਣਾਉਣ ਲਈ ਢੁੱਕਵੀਂ ਹੋ ਜਾਂਦੀ ਹੈ I ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਹਿਮਾਂਸ਼ੂ ਗੁਪਤਾ ਨੇ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਗ ਲਗਾ ਕੇ ਉਹ ਪਹਿਲਾਂ ਆਪਣਾ ਘਰ ਧੂੰਏਂ ਨਾਲ ਭਰਦੇ ਹਨ, ਦੂਜਿਆਂ ਨੂੰ ਫ਼ਰਕ ਬਾਅਦ ਵਿਚ ਪੈਂਦਾ ਹੈ I ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਵਾਰ ਖੇਤੀਬਾੜੀ ਵਿਭਾਗ ਕੋਲ ਮਸ਼ੀਨਰੀ ਦੀ ਕੋਈ ਕਮੀ ਨਹੀਂ ਹੈ ਅਤੇ ਜਿਹੜੇ ਕਿਸਾਨ ਨੂੰ, ਜਿਸ ਤਰਾਂ ਦੀ ਵੀ ਲੋੜ ਹੈ, ਉਸ ਤਰ੍ਹਾਂ ਦੀ ਮਸ਼ੀਨਰੀ ਵਿਭਾਗ ਨੇ ਲਗਭਗ ਹਰ ਪਿੰਡ ਵਿੱਚ ਅਨੁਦਾਨ ਰਾਸ਼ੀ ਰਾਹੀਂ ਮੁਹੱਈਆਂ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਥੋੜ੍ਹਾ ਇੰਤਜ਼ਾਰ ਕਰਕੇ ਪਰਾਲੀ ਨੂੰ ਸਾੜਨ ਤੋਂ ਪਹਿਲਾਂ, ਆਸੇ ਪਾਸੇ ਮੌਜੂਦ ਮਸ਼ੀਨਾਂ ਬਾਰੇ ਜ਼ਰੂਰ ਪਤਾ ਕਰਨ ਅਤੇ ਨਾ ਮਿਲਣ ਤੇ ਸੰਬੰਧਤ ਖੇਤੀਬਾੜੀ ਅਧਿਕਾਰੀ ਨਾਲ ਰਾਬਤਾ ਕਰਨ।
ਕਿਸਾਨਾਂ ਨੇ ਵੀ ਅਧਿਕਾਰੀਆਂ ਤੇ ਸਰਕਾਰ ਨਾਲ ਸਹਿਯੋਗ ਕਰਨ ਲਈ ਹਾਮੀ ਭਰੀ। ਇਸ ਮੌਕੇ ਕੰਪਨੀ ਸ਼ਕਤੀਮਾਨ, ਕੰਪਨੀ ਐਗਰੋਜੋਨ ਦੇ ਅਧਿਕਾਰੀ, ਖੇਤੀਬਾੜੀ ਵਿਭਾਗ ਦੇ ਡੇਰਾਬੱਸੀ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ I
No comments:
Post a Comment