SBP GROUP

SBP GROUP

Search This Blog

Total Pageviews

ਪਟਾਖਿਆਂ ਦੀ ਵਿਕਰੀ ਹੋਵੇਗੀ 10 ਤੋਂ 12 ਨਵੰਬਰ ਤੱਕ , ਕੇਵਲ ਤਿੰਨ ਦਿਨਾਂ ਲਈ

ਦਿਵਾਲੀ ਅਤੇ ਗੁਰਪੁਰਬ ਮੌਕੇ ਕੇਵਲ ਦੋ ਘੰਟਿਆਂ ਲਈ ਚਲਾਏ ਜਾ ਸਕਣਗੇ ਪਟਾਖੇ

ਐਸ.ਏ.ਐਸ. ਨਗਰ, 26 ਅਕਤੂਬਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਟਾਖਿਆਂ ਦੀ ਵਿਕਰੀ ਲਈ ਲੋਕਾਂ ਨੂੰ 44 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਅੱਜ ਡਰਾਅ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਵਿਰਾਜ ਐਸ ਤਿੜਕੇ, ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ ਤੇ ਹੋਰ ਅਧਿਕਾਰੀਆਂ ਅਤੇ ਆਮ ਲੋਕਾਂ ਤੇ ਬਿਨੈਕਾਰਾਂ ਦੀ ਹਾਜ਼ਰੀ ਵਿਚ ਵੀਡੀਓਗ੍ਰਾਫੀ ਦਰਮਿਆਨ ਕੱਢਿਆ ਗਿਆ। ਪਾਰਦਰਸ਼ੀ ਤੇ ਨਿਰਪੱਖ ਪਹੁੰਚ ਅਪਣਾਉਂਦਿਆਂ ਡਰਾਅ ਕੱਢਣ ਦੀ ਪ੍ਰਕਿਰਿਆ ਆਮ ਜਨਤਾ ਦੀ ਹਾਜ਼ਰੀ ਵਿੱਚ ਨੇਪਰੇ ਚਾੜ੍ਹੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਅਤੇ ਪੰਜਾਬ ਸਰਕਾਰ ਇੰਡਸਟਰੀ ਅਤੇ ਕਮਰਸ ਵਿਭਾਗ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਸਾਲ 2016 ਵਿੱਚ ਜਾਰੀ ਹੋਏ ਲਾਇਸੈਂਸਾਂ ਦੇ ਮੁਕਾਬਲੇ ਸਿਰਫ਼ 20 ਫੀਸਦੀ ਲਾਇਸੈਂਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।


        ਡਰਾਅ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ  ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ਦੇ 44 ਲਾਇਸੈਂਸਾਂ ਲਈ ਕੁੱਲ 1868 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 1839 ਠੀਕ ਪਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮੋਹਾਲੀ ਅਤੇ ਬਨੂੰੜ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 1575 ਅਰਜ਼ੀਆਂ ਮਿਲੀਆਂ, ਖਰੜ, ਕੁਰਾਲੀ ਅਤੇ ਨਯਾ ਗਾਉਂ ਵਿੱਚ ਪਟਾਖਿਆਂ ਦੀ ਵਿਕਰੀ ਲਈ 8 ਲਾਇਸੈਂਸਾਂ ਵਾਸਤੇ 32 ਅਰਜ਼ੀਆਂ ਮਿਲੀਆਂ  ਜਦੋਂ ਕਿ ਡੇਰਾਬਸੀ, ਲਾਲੜੂ ਅਤੇ ਜ਼ੀਰਕਪੁਰ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 232 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

  ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਨੂੰ ਸੁਚਾਰੂ ਢੰਗ ਨਾਲ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਲਈ ਸਿਰਫ਼ 15 ਥਾਵਾਂ ਨਿਰਧਾਰਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਿਸ਼ਚਤ ਸਮੇਂ ਤੇ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਖੇ ਚਲਾਉਣ ਅਤੇ ਬਿਨਾਂ ਲਾਇਸੈਂਸ ਤੋਂ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਟਾਖਿਆਂ ਦੇ ਵਪਾਰੀਆਂ ਨੂੰ ਸਥਾਈ ਲਾਇਸੈਂਸ ਜਾਰੀ ਕਰਨ ਤੋਂ ਰੋਕ ਲਾਈ ਹੋਈ ਹੈ। ਇਸ ਤੋਂ ਇਲਾਵਾ ਆਰਜ਼ੀ ਲਾਇਸੈਂਸ ਜਾਰੀ ਕਰਨ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਹੈ।

        ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਸ਼ਾਮ 8.00 ਵਜੇ ਤੋਂ 10.00 ਵਜੇ ਤੱਕ ਅਤੇ ਮਿਤੀ 27 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਸ਼ਾਮ ਨੂੰ 09.00 ਵਜੇ ਤੋਂ 10.00 ਵਜੇ ਤੱਕ ਨਿਰਧਾਰਤ ਅਵਾਜ ਅੰਦਰ ਹੀ ਫਾਇਰ ਕਰੈਕਰਜ / ਪਟਾਖੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਫਾਇਰ ਕਰੈਕਰਜ / ਪਟਾਖੇ ਨਹੀਂ ਚਲਾਏਗਾ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਵੈ ਪਾਲਣਾ ਵੀ ਕਰੇਗਾ। ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਪਟਾਖੇ ਵੇਚਣ ਲਈ ਮਿਤੀ 10, 11 ਅਤੇ 12 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਅਤੇ ਗੁਰਪੁਰਬ ਮੌਕੇ 27 ਨਵੰਬਰ  ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਨਿਰਧਾਰਤ ਸਥਾਨਾਂ ਤੇ ਹੀ ਸਟਾਲ ਲਗਾਉਣ ਦੀ ਆਗਿਆ ਹੋਵੇਗੀ। ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਫਾਇਰ ਕਰੈਕਰਜ਼/ਪਟਾਖਿਆਂ ਦੀ ਸਟੋਰੇਜ ਨਹੀਂ ਕਰੇਗਾ ਅਤੇ ਬਿਨਾਂ ਲਾਇਸੰਸ ਤੋਂ ਵਿਕਰੀ ਨਹੀਂ ਕਰੇਗਾ। ਪਟਾਖੇ ਵੇਚਣ ਸਬੰਧੀ ਨਿਰਧਾਰਤ ਥਾਵਾਂ ਅਤੇ ਮੁੱਖ ਸ਼ਰਤਾਂ ਅਤੇ ਵਧੇਰੇ ਜਾਣਕਾਰੀ ਲਈ ਵੈਬਸਾਈਟ www.sasnagar.nic.in ਤੇ ਵੇਖਿਆ ਜਾ ਸਕਦਾ ਹੈ।

No comments:


Wikipedia

Search results

Powered By Blogger