ਦੂਸਰੇ ਦਿਨ ਡਿਪਟੀ ਕਮਿਸ਼ਨਰ ਵੀ ਮੁਹਿੰਮ ਨੂੰ ਹੁਲਾਰਾ ਦੇਣ ਪੁੱਜੇ ਅਤੇ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ
ਐਸ ਏ ਐਸ ਨਗਰ, 31 ਅਕਤੂਬਰ : ਵੋਟਾਂ ਦੀ ਵਿਸ਼ੇਸ਼ ਸਰਸਰੀ ਸੁਧਾਈ-2024 ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਕਲ੍ਹ ਤੋਂ ਦੋ ਦਿਨਾਂ ਵਾਸਤੇ ਆਰੰਭੀ ਨਿਵੇਕਲੀ ਪਹਿਲਕਦਮੀ ' ਵੋਟਰ ਬਣਨ ਦਾ ਤਿਉਹਾਰ-ਆਓ, ਭਾਗ ਲਓ ਅਤੇ ਮੁਫ਼ਤ ਮਹਿੰਦੀ ਲਗਵਾਓ ' ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਦੌਰਾਨ 100 ਤੋਂ ਵਧੇਰੇ ਨਵੀਆਂ ਵੋਟਾਂ ਬਣਵਾਉਣ ਦੇ ਫ਼ਾਰਮ ਪ੍ਰਾਪਤ ਹੋਏ।
ਅੱਜ ਦੁਪਹਿਰ ਬੂਥ ਨੰਬਰ 146, 147 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੋਹਾਲੀ ਵਿਖੇ ਲਾਏ ਗਏ ਮਹਿੰਦੀ ਇਨਾਮ ਮੇਲੇ ਵਿੱਚ ਬੱਚੀਆਂ ਨੂੰ ਮਿਲਣ ਅਤੇ ਮੁਫ਼ਤ ਮਹਿੰਦੀ ਦਾ ਇਨਾਮ ਪ੍ਰਾਪਤ ਕਰ ਰਹੀਆ ਮੁਟਿਆਰਾਂ ਨੂੰ ਉਤਸ਼ਾਹਿਤ ਕਰਨ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਲੋਕਤੰਤਰ ਚ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ 27 ਅਕਤੂਬਰ ਤੋਂ 9 ਦਸੰਬਰ ਤੱਕ ਚਲਾਈ ਗਈ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ -2024 ਦਾ ਉਦੇਸ਼ ਪਹਿਲੀ ਜਨਵਰੀ 2024 ਨੂੰ 18 ਸਾਲ ਦੇ ਹੋਣ ਵਾਲੇ ਹਰ ਇੱਕ ਨੌਜੁਆਨ ਨੂੰ ਮਤਦਾਤਾ ਵਜੋਂ ਰਜਿਸਟਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮੁਟਿਆਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੋਟਰ ਬਣਨ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੇ ਉਨ੍ਹਾਂ ਯੋਗ ਨਾਗਰਿਕਾਂ ਨੂੰ ਵੀ ਵੋਟਰ ਬਣਨ ਲਈ ਪ੍ਰੇਰਨ ਜੋ 01.01.2024 ਨੂੰ 18 ਸਾਲ ਜਾਂ ਵੱਧ ਦੀ ਉਮਰ ਪੂਰੀ ਕਰਦੇ ਹਨ।
ਉਨ੍ਹਾਂ ਨੇ ਐਸ ਏ ਐਸ ਨਗਰ ਵਿਧਾਨ ਸਭਾ ਹਲਕੇ ਦੀ ਵੋਟਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਐਸ ਡੀ ਐਮ ਮੋਹਾਲੀ ਚੰਦਰ ਜੋਤੀ ਸਿੰਘ ਦੀ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ, ਵੱਧ ਤੋਂ ਵੱਧ ਸਵੀਪ ਗਤੀਵਿਧੀਆਂ ਕਰ ਕੇ, ਮਿਥੀ ਤਰੀਕ ਤੱਕ ਵੱਧ ਤੋਂ ਵੱਧ ਨਵੇਂ ਵੋਟਰ ਜੋੜਨ ਲਈ ਕਿਹਾ।
ਇਸ ਦੌਰਾਨ ਐਸ.ਡੀ.ਐਮ. ਦਫਤਰ ਦੇ ਸ਼੍ਰੀਮਤੀ ਨੀਤੂ ਗੁਪਤਾ, ਸੁਪਰਵਾਈਜ਼ਰ ਉਰਵਿੰਦਰ ਸਿੰਘ ਬਾਜਵਾ ਅਤੇ ਇਹਨਾਂ ਬੂਥਾਂ ਦੇ ਬੀ.ਐਲ.ਓਜ਼ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਹਾਜ਼ਰ ਸੀ।
No comments:
Post a Comment