ਐਸ.ਏ.ਐਸ.ਨਗਰ, 19 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਡੇਰਾਬੱਸੀ ਵਿਖੇ ਅਤਿ-ਆਧੁਨਿਕ ਈ ਐਸ ਆਈ ਹਸਪਤਾਲ ਸਥਾਪਤ ਕਰਨ ਦੀ ਵਚਨਬੱਧਤਾ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪ੍ਰਸਤਾਵ ਨੂੰ ਜ਼ਮੀਨੀ ਤੌਰ 'ਤੇ ਅਮਲੀ ਰੂਪ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ।
ਜ਼ਿਲ੍ਹਾ ਪੱਧਰੀ ਕਮੇਟੀ ਜਿਸ ਵਿੱਚ ਡਿਪਟੀ ਕਮਿਸ਼ਨਰ ਚੇਅਰਪਰਸਨ ਵਜੋਂ ਸ਼ਾਮਲ ਹਨ ਜਦਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਡਾਇਰੈਕਟਰ ਈ ਐਸ ਆਈ, ਖੇਤਰੀ ਡਾਇਰੈਕਟਰ ਈ ਐਸ ਆਈ ਅਤੇ ਡੇਰਾਬਸੀ ਅਤੇ ਲਾਲੜੂ ਨਗਰ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀਆਂ ਨੇ ਮੈਂਬਰ ਵਜੋਂ ਡੇਰਾਬਸੀ ਵਿਖੇ ਤਿੰਨ ਅਤੇ ਲਾਲੜੂ ਵਿਖੇ ਦੋ ਥਾਵਾਂ ਦੀ ਸ਼ਨਾਖਤ ਕੀਤੀ ਹੈ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਹੋਈ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਈ ਐਸ ਆਈ ਦੇ ਉੱਤਰੀ ਜ਼ੋਨ ਦੇ ਮੈਡੀਕਲ ਕਮਿਸ਼ਨਰ ਅਤੇ ਈ ਐਸ ਆਈ ਦੇ ਖੇਤਰੀ ਡਾਇਰੈਕਟਰ ਨਾਲ ਪਹਿਲਾਂ ਤੋਂ ਸ਼ਨਾਖ਼ਤ ਕੀਤੀਆਂ ਗਈਆਂ ਥਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਈ ਐਸ ਆਈ ਹਸਪਤਾਲ ਸਥਾਪਤ ਕਰਨ ਲਈ ਭਾਰਤ ਸਰਕਾਰ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੱਕ ਸਹਿਮਤੀ 'ਤੇ ਪਹੁੰਚਣ ਲਈ ਆਉਂਦੇ ਬੁੱਧਵਾਰ ਤੋਂ ਪਹਿਲਾਂ ਇਨ੍ਹਾਂ ਥਾਵਾਂ ਦਾ ਸਾਂਝਾ ਦੌਰਾ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਡੇਰਾਬੱਸੀ ਨੂੰ ਸੜਕੀ ਸੰਪਰਕ, ਆਸਾਨ ਪਹੁੰਚ ਅਤੇ ਆਲੇ-ਦੁਆਲੇ ਸਨਅਤੀ ਖੇਤਰ ਦੇ ਹਿਸਾਬ ਨਾਲ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਈ ਐਸ ਆਈ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖੇਤਰ ਦੇ ਮਜ਼ਦੂਰਾਂ ਅਤੇ ਹੋਰ ਈ ਐਸ ਆਈ ਲਾਭਪਾਤਰੀਆਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਅਤਿ-ਆਧੁਨਿਕ 100 ਬਿਸਤਰਿਆਂ ਵਾਲਾ ਹਸਪਤਾਲ ਬਣਾਉਣ ਲਈ ਲਗਭਗ 8 ਏਕੜ ਜ਼ਮੀਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੋਹਾਲੀ ਦੇ ਫੇਜ਼ 7, ਮੋਹਾਲੀ ਵਿਖੇ ਇੱਕ ਈ ਐਸ ਆਈ ਹਸਪਤਾਲ ਵੀ ਹੈ ਪਰ ਇਸਦੀ ਸਮਰੱਥਾ ਸਿਰਫ 30 ਬਿਸਤਰਿਆਂ ਵਾਲੀ ਹੈ ਅਤੇ ਜ਼ਿਲ੍ਹੇ ਚ ਈ ਐਸ ਆਈ ਮਰੀਜ਼ਾਂ ਦੇ ਵਧਣ ਨਾਲ, ਲਾਭਪਾਤਰੀਆਂ ਦੇ ਗਰੀਬ ਵਰਗ ਦੀ ਸਹੂਲਤ ਲਈ ਸੈਕੰਡਰੀ ਪੱਧਰ ਦੀ ਅਤਿ ਆਧੁਨਿਕ ਸਿਹਤ ਸਹੂਲਤ ਦੀ ਅਤਿਅੰਤ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਡੇਰਾਬੱਸੀ ਅਤੇ ਲਾਲੜੂ ਵਿਖੇ ਪ੍ਰਸ਼ਾਸਨ ਵੱਲੋਂ ਪੇਸ਼ ਕੀਤੀਆਂ ਥਾਵਾਂ ਨੂੰ ਅੰਤਿਮ ਰੂਪ ਦੇਣ ਲਈ ਬੁੱਧਵਾਰ ਦੁਪਹਿਰ ਦੀ ਮੀਟਿੰਗ ਤੋਂ ਪਹਿਲਾਂ ਦੌਰਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਸਪਤਾਲ ਦੀ ਉਸਾਰੀ ਦਾ ਰਾਹ ਪੱਧਰਾ ਕਰਨ ਲਈ ਲੋੜੀਂਦਾ ਕੰਮ ਕਰਨ ਲਈ ਵਚਨਬੱਧ ਹੈ ਤਾਂ ਜੋ ਈ ਐਸ ਆਈ ਲਾਭਪਾਤਰੀਆਂ ਨੂੰ ਯੋਗ ਇਲਾਜ ਕਰਵਾਉਣ ਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਡੇਰਾਬੱਸੀ ਕਲੱਸਟਰ ਦੇ ਉਦਯੋਗਪਤੀਆਂ ਦੀ ਮੰਗ ਅਨੁਸਾਰ ਮੁੱਖ ਮੰਤਰੀ ਨੇ ਕਰਮਚਾਰੀ ਬੀਮਾ ਯੋਜਨਾ ਕਾਰਪੋਰੇਸ਼ਨ ਨਾਲ ਰਜਿਸਟਰਡ ਕਰਮਚਾਰੀਆਂ ਦੇ ਹਿੱਤ ਵਿੱਚ ਈ ਐਸ ਆਈ ਹਸਪਤਾਲ ਦੀ ਸਥਾਪਨਾ ਲਈ ਜ਼ਮੀਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ।
ਏ.ਡੀ.ਸੀ.ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਹਾਈਵੇਅ ਅਤੇ ਨੇੜਲੇ ਬੱਸ ਸਟੈਂਡ ਤੋਂ ਇਸ ਦੀ ਪਹੁੰਚ ਨੂੰ ਧਿਆਨ ਵਿੱਚ ਰੱਖਦਿਆਂ ਥਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤਾਂ ਜੋ ਲਾਭਪਾਤਰੀ ਨੂੰ ਇਲਾਜ ਕਰਵਾਉਣ ਲਈ ਜ਼ਿਆਦਾ ਸਫ਼ਰ ਨਾ ਤੈਅ ਕਰਨਾ ਪਵੇ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਡਾ. ਵੰਦਨਾ ਨੋਂਗਰੂਮ, ਜ਼ੋਨਲ ਮੈਡੀਕਲ ਕਮਿਸ਼ਨਰ, ਈ ਐਸ ਆਈ ਉੱਤਰੀ ਜ਼ੋਨ, ਰਾਕੇਸ਼ ਕੁਮਾਰ ਖੇਤਰੀ ਡਾਇਰੈਕਟਰ ਈ ਐਸ ਆਈ, ਰਾਜੀਵ ਕੁਮਾਰ ਦੀਕਸ਼ਿਤ ਕਾਰਜਕਾਰੀ ਇੰਜਨੀਅਰ ਈ ਐਸ ਆਈ, ਡਾ. ਰਾਜੀਵ ਛਾਬੜਾ ਸਟੇਟ ਮੈਡੀਕਲ ਅਫ਼ਸਰ ਈ ਐਸ ਆਈ, ਡਾ: ਹਰਪ੍ਰੀਤ ਕੌਰ ਧਾਲੀਵਾਲ ਐਸ ਐਮ ਓ ਇੰਚਾਰਜ ਈ ਐਸ ਆਈ ਮੋਹਾਲੀ ਅਤੇ ਕਾਰਜਸਾਧਕ ਅਫ਼ਸਰ ਡੇਰਾਬੱਸੀ ਅਤੇ ਲਾਲੜੂ ਦੇ ਅਧਿਕਾਰੀ ਕ੍ਰਮਵਾਰ ਵਰਿੰਦਰ ਕੁਮਾਰ ਜੈਨ ਅਤੇ ਗੁਰਬਖਸ਼ੀਸ਼ ਸਿੰਘ ਸੰਧੂ ਸ਼ਾਮਲ ਹਨ।
No comments:
Post a Comment