ਯੂਨੀਅਨ ਵਲੋਂ ਡੀਪੀਆਈ (ਕਾਲਜ) ਮੋਹਾਲੀ ਦਫ਼ਤਰ ਅੱਗੇ 15 ਦਸੰਬਰ ਨੂੰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਦਾ ਐਲਾਨ
ਮੋਹਾਲੀ, 12 ਅਕਤੂਬਰ : ਪ੍ਰਾੲੀਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਮੁਲਾਜ਼ਮ ਪਿਛਲੇ ਕਾਫੀ ਸਮੇਂ ਤੋਂ ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਜਾਇਜ਼ ਮੰਗਾਂ ਨਾ ਮੰਨਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਅਤੇ ਰੋਸ ਮੁਜ਼ਾਹਰਾ ਕਰਨ ਲਈ ਮਜ਼ਬੂਰ ਹਨ। ਇਸੇ ਤਹਿਤ ਯੂਨੀਅਨ ਵਲੋਂ ਡੀਪੀਆਈ (ਕਾਲਜ) ਮੋਹਾਲੀ ਦਫ਼ਤਰ ਅੱਗੇ 15 ਦਸੰਬਰ ਨੂੰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਸਹਾਇਤਾ ਪ੍ਰਾਪਤ ਕਾਲਜਾਂ ਦੇ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਸ਼ਰਮਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ 1.9.1978 ਵਿਚ ਇਹ ਐਲਾਨ (ਪੇ-ਪੈਰਿਟੀ) ਕੀਤਾ ਸੀ ਕਿ ਸਰਕਾਰੀ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਦੀ ਤਰਜ਼ ਉਤੇ ਹੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਕਰਮਚਾਰੀਆਂ ਨੂੰ ਵੀ ਮਿਲੇਗਾ। ਪਰ ਸਰਕਾਰ ਵਲੋਂ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਸਰਕਾਰੀ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ 6ਵੇਂ ਤਨਖ਼ਾਹ ਕਮਿਸ਼ਨ ਅਤੇ ਲਾਭ-ਭੱਤੇ ਪਿਛਲੇ ਦੋ ਸਾਲਾਂ ਤੋਂ ਦਿੱਤੇ ਜਾ ਰਹੇ ਹਨ, ਜਦਕਿ ਸਾਨੂੰ ਇਸ ਲਾਭ ਤੋਂ ਵਾਂਝਾ ਰੱਖਿਆ ਗਿਆ ਹੈ, ਜੋ ਸਾਡੇ ਨਾਲ ਸਰਾਸਰ ਜ਼ਿਆਦਤੀ ਹੈ। ਆਗੂਆਂ ਕਿਹਾ ਕਿ ਸਰਕਾਰ ਵਲੋਂ ਸਬੰਧਤ ਕਾਲਜਾਂ ਕੋਲੋਂ ਵਾਰ ਵਾਰ ਡਾਟੇ ਦੀ ਮੰਗ ਕਰਕੇ ਇਹ ਦਰਸਾਉਂਦੀ ਹੈ ਕਿ ਉਹ ਟਾਲ ਮਟੋਲ ਦੀ ਨੀਤੀ ਤਹਿਤ ਡੰਗ ਟਪਾ ਰਹੀ ਹੈ।
ਆਗੂਆਂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਉਹ ਪੰਜਾਬ ਦੀ ਆਪ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨਾਲ ਵੀ ਮੀਟਿੰਗ ਕਰ ਚੁੱਕੇ ਹਨ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਉਹਨਾਂ ਕਿਹਾ ਕਿ ਇਨ੍ਹਾਂ ਕਾਲਜਾਂ ਵਿਚ ਕਰੀਬ 2600 ਪੋਸਟਾਂ ਹਨ, ਜਿਨ੍ਹਾਂ ਵਿਚੋਂ ਸਿਰਫ਼ 825 ਮੁਲਾਜ਼ਮ ਕਰ ਰਹੇ ਨੇ ਕੰਮ, ਜਦਕਿ ਬਾਕੀ ਆਸਾਮੀਆਂ ਉਪਰ ਸਰਕਾਰ ਵਲੋਂ ਬੈਨ ਲਾਇਆ ਗਿਆ ਹੈ। ਇਥੇ ਹੀ ਬਸ ਨਹੀਂ ਸਗੋਂ 5ਵੇਂ ਪੇ ਕਮਿਸ਼ਨ ਵਿਚ ਵੀ ਵਰਗ ਨੂੰ ਸੋਧੇ ਹੋਏ ਸਕੇਲ, ਮਕਾਨ ਅਤੇ ਮੈਡੀਕਲ ਭੱਤਿਆਂ ਦਾ ਪੂਰਾ ਲਾਭ ਨਹੀਂ ਦਿੱਤਾ ਗਿਆ।
ਉਪਰੋਕਤ ਆਗੂਆਂ ਨੇ ਇਹ ਐਲਾਨ ਕੀਤਾ ਕਿ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਕਾਰਵਾਈਆਂ ਨੂੰ ਦੇਖਦਿਆਂ ਆਖ਼ਰ ਸਾਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਲਈ ਸਾਡੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ ਏਡਿਡ ਕਾਲਜਾਂ ਨੂੰ ਬੰਦ ਕਰਕੇ ਡੀਪੀਆਈ (ਕਾਲਜਾਂ) ਮੋਹਾਲੀ ਦਫ਼ਤਰ ਅੱਗੇ ਆਉਂਦੀ 15 ਦਸੰਬਰ 2023 ਨੂੰ ਸਵੇਰੇ 11.00 ਵਜੇ ਤੋਂ 1.30 ਵਜੇ ਤੱਕ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਦੌਰਾਨ ਜੇਕਰ ਕੋਈ ਅਨਹੋਣੀ ਘੱਟਦੀ ਹੈ ਤਾਂ ਇਸਦੀ ਸਾਰੇ ਜ਼ਿੰਮੇਵਾਰੀ ਮੌਜੂਦਾ ਸੂਬਾ ਸਰਕਾਰ ਦੀ ਹੋਵੇਗੀ। ਨਾਲ ਹੀ ਯੂਨੀਅਨ ਆਗੂਆਂ ਵਲੋਂ ਸਰਕਾਰ ਅੱਗੇ ਇਹ ਮੰਗ ਕੀਤੀ ਗਈ ਸਾਡੀਆਂ ਜ਼ਰੂਰੀ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ, ਤਾਂ ਜੋ ਸਮੂਹ ਮੁਲਾਜ਼ਮ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਬਸਰ ਕਰ ਸਕਣ।
ਇਸ ਮੌਕੇ ਜਥੇਬੰਦੀ ਦੇ ਸਲਾਹਕਾਰ ਸਵਿੰਦਰ ਸਿੰਘ ਗੋਲਾ, ਰਵੀ ਮੈਣੀ, ਦੀਪਕ ਸ਼ਰਮਾ, ਮੈਡਮ ਨਿਰਮਲ ਕੌਰ, ਅਮਰੀਕ ਸਿੰਘ ਰਾਜਲਾ, ਪ੍ਰੇਮ ਸਿੰਘ ਸੁਪਰਡੈੱਟ, ਹਰਵਿੰਦਰ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੁਮਾਰ, ਰਵਿੰਦਰਜੀਤ ਸਿੰਘ ਵਿਰਕ, ਬਚਿੱਤਰ ਸਿੰਘ, ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ, ਨਵਦੀਪ ਸਿੰਘ ਆਦਿ ਹਾਜ਼ਰ ਸਨ।
No comments:
Post a Comment