ਐਸ.ਏ.ਐਸ. ਨਗਰ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਸਮੇਤ 10 ਸਿੰਘ, ਜੋ ਕਿ ਐਨ.ਐਸ.ਏ. ਐਕਟ ਤਹਿਤ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ, ਬੀਤੇ ਕਈ ਦਿਨਾਂ ਤੋਂ ਭੁੱਖ ਹੜਤਾਲ ਉਤੇ ਬੈਠੇ ਹਨ। ਜੇਲ੍ਹ ਪ੍ਰਸ਼ਾਸਨ ਵਲੋਂ ਉਹਨਾਂ ਦੀਆਂ ਬੈਰਕਾਂ ਦੇ ਬਾਥਰੂਮਾਂ ਵਿਚ ਬਲਬਾਂ ਵਿਚ 27 ਜਾਸੂਸੀ ਕੈਮਰੇ ਫਿੱਟ ਕਰਕੇ ਅਤੇ ਡੌਂਗਲ ਲਾ ਕੇ ਉਹਨਾਂ ਦੀ ਨਿੱਜੀ ਜ਼ਿੰਦਗੀ ਅਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਇਮਾਨ ਸਿੰਘ ਖਾਰਾ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ, ਚਾਚਾ ਸ. ਸੁਖਚੈਨ ਸਿੰਘ, ਪੱਪਲਪ੍ਰੀਤ ਸਿੰਘ ਦੇ ਮਾਮਾ ਅਮਰਜੀਤ ਸਿੰਘ ਵੰਨ ਚੜਈ, ਭਗਵੰਤ ਸਿੰਘ ਬਾਜੇਕੇ ਦੇ ਪਿਤਾ ਹਰਜਿੰਦਰ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਭੁੱਖ ਹੜਤਾਲ ਕਾਰਨ ਸਿਹਤ ਖਰਾਬ ਹੋ ਰਹੀ ਹੈ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ ਸਾਡੀ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਮੂਹ 10 ਸਿੰਘਾਂ ਜਲਦ ਤੋਂ ਜਲਦ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਕਾਨੂੰਨ ਮੁਤਾਬਕ ਐਨ.ਐਸ.ਏ. ਤਹਿਤ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਇਕ ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਦਿਬਰੂਗੜ੍ਹ ਜੇਲ੍ਹ ਵਿਚ ਬੰਦ 10 ਸਿੰਘਾਂ ਨੂੰ ਪਿਛਲੇ ਸਾਲ 18 ਮਾਰਚ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੀ ਮਿਆਦ ਅਗਲੇ ਮਹੀਨੇ 18 ਮਾਰਚ 2024 ਨੂੰ ਸਮਾਪਤ ਹੋ ਰਹੀ ਹੈ।
ਐਡਵੋਕੇਟ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਵਲੋਂ ਫੋਨ ਆਇਆ ਸੀ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਇਕ ਇਲੈਕਟ੍ਰੀਸ਼ੀਅਨ ਬੁਲਾ ਕੇ ਉਹਨਾਂ ਦੀਆਂ ਬੈਰਕਾਂ ਦੇ ਬਲਬਾਂ ਵਿਚ ਜਾਸੂਸੀ ਕੈਮਰੇ, ਡੌਂਗਲਾਂ ਅਤੇ ਮਾਈਕ੍ਰੋਫੋਨ ਫਿੱਟ ਕੀਤੇ ਗਏ ਤਾਂ ਜੋ ਸਾਡੀ ਜਾਸੂਸੀ ਕੀਤੀ ਜਾ ਸਕੇ, ਜੋ ਸਿੱਧੇ ਤੌਰ ਉਤੇ ਸਾਡੀ ਨਿੱਜਤਾ ਉਤੇ ਹਮਲਾ ਹੈ। ਉਹਨਾਂ ਕਿਹਾ ਕਿ ਸਾਡੇ ਵਲੋਂ ਜੇਲ੍ਹ ਸੁਪਰਡੈਂਟ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਉਹਨਾਂ ਵਲੋਂ ਵੀ ਇਸ ਨੂੰ ਅਣਗੌਲਿਆ ਕੀਤਾ ਗਿਆ। ਨਾਲ ਹੀ ਗੁਰਮੀਤ ਸਿੰਘ ਬੁੱਕਣਵਾਲਾ ਨੇ ਕਿਹਾ ਕਿ ਐਸ.ਪੀ. ਦਾ ਤਬਾਦਲਾ ਹੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਇਹ ਡਰ ਹੈ ਕਿ ਸਾਡਾ ਇੱਥੇ ਕਤਲ ਵੀ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੇਲ ਪ੍ਰਸ਼ਾਸਨ ਦੀ ਇਸ ਘਟੀਆ ਹਰਕਤ ਵਿਚ ਸਿੱਧੇ ਤੌਰ ਉਤੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਹੱਥ ਹੈ। ਇਸੇ ਕਰਕੇ ਅਸੀਂ 16 ਫਰਵਰੀ 2024 ਤੋਂ ਇਸਦੇ ਵਿਰੋਧ ਵਿਚ ਭੁੱਖ ਹੜਤਾਲ ਉਤੇ ਬੈਠੇ ਹਾਂ। ਇਸ ਦਾ ਇਕ ਆਡੀਓ ਮੈਸੇਜ ਭਾਈ ਅੰਮ੍ਰਿਤਪਾਲ ਸਿੰਘ, ਭਾਈ ਪਪਲਪ੍ਰੀਤ ਸਿੰਘ, ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਅਤੇ ਸਰਦਾਰ ਦਲਜੀਤ ਸਿੰਘ ਕਲਸੀ ਦੀ ਵਾਇਰਲ ਹੋਈ ਸੀ, ਉਸ ਤੋਂ ਬਾਅਦ 30 ਨੌਜਵਾਨ ਅੰਮ੍ਰਿਤਸਰ ਜੇਲ 'ਚ ਵੀ ਭੁੱਖ ਹੜਤਾਲ ‘ਤੇ ਬੈਠੇ ਹਨ।
ਉਪਰੋਕਤ ਆਗੂਆਂ ਨੇ ਦੱਸਿਆ ਕਿ ਜੇਲ੍ਹਾਂ ਵਿਚ ਬੰਦ ਸਿੰਘਾਂ ਦੇ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰਾਂ ਵਲੋਂ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿਚ ਇਹਨਾਂ ਸਿੰਘਾਂ ਦੇ ਕਰੀਬ 45 ਪਰਿਵਾਰ ਵੀ ਅੰਮ੍ਰਿਤਸਰ ਵਿਖੇ ਹੈਰੀਟੇਜ਼ ਸਟਰੀਟ ਵਿਖੇ ਇੱਕ ਸ਼ਾਂਤਮਈ ਭੁੱਖ ਹੜਤਾਲ ਤੇ ਬੈਠੇ ਹਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਚਾਚਾ ਸ. ਸੁਖਚੈਨ ਸਿੰਘ ਨੇ ਦਸਿਆ ਕਿ ਅਸੀਂ ਸਮੂਹ ਪਰਿਵਾਰਾਂ ਨੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਅਤੇ ਪੁਲਿਸ ਕਮਿਸ਼ਨਰ ਨੂੰ ਸਿੰਘਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਸਾਨੂੰ ਚੰਡੀਗੜ੍ਹ ਵਿਖੇ ਗ੍ਰਹਿ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਕਰਵਾਉਣ ਅਤੇ ਇਸ ਮਸਲੇ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਅੱਜ ਅਸੀਂ ਇੱਥੇ ਸਕੱਤਰ ਸਾਹਿਬ ਨੂੰ ਮਿਲਣ ਆਏ ਸੀ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਮਾਮਲੇ ਬਾਰੇ ਕੋਈ ਇਤਲਾਹ ਨਹੀਂ ਅਤੇ ਮੈਂ ਤਾਂ ਮੁਕੇਰੀਆਂ/ਪਠਾਨਕੋਟ ਜਾਣ ਦਾ ਪ੍ਰੋਗਰਾਮ ਹੈ। ਇਸ ਲਈ ਉਹਨਾਂ ਕਿਸੇ ਪੀਸੀਐਸ ਅਧਿਕਾਰੀ ਨਾਲ ਮੁਲਾਕਾਤ ਕਰਵਾਈ ਅਤੇ ਉਹਨਾਂ ਸਿਰਫ਼ ਸਰਕਾਰ ਦੇ ਸੋਹਿਲੇ ਹੀ ਗਾਏ ਅਤੇ ਆਪਣਾ ਬੂਤਾ ਸਾਰ ਦਿੱਤਾ।
ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਜੇਲ੍ਹਾਂ ਵਿਚ ਬੰਦ ਸਾਡੇ ਬੱਚਿਆਂ ਦੀ ਜਾਨ ਨੂੰ ਖ਼ਤਰਾ
ਹੈ। ਅਸੀਂ ਇਹਨਾਂ ਦੀ ਰਿਹਾਈ ਦੀ ਮੰਗ ਨਹੀਂ ਕਰਦੇ, ਪਰ ਸਾਡੀ ਇਕੋ ਮੰਗ ਇਹ ਹੈ ਕਿ ਜੇਲ੍ਹਾਂ ਵਿਚ ਬੰਦ ਇਹਨਾਂ ਸਿੰਘਾਂ ਨੂੰ
ਪੰਜਾਬ ਵਿਚ ਤਬਦੀਲ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਅਸੀਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ
ਦਿਬਰੂਗੜ੍ਹ ਜੇਲ੍ਹ ਅਤੇ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿਚ ਭੁੱਖ ਹੜਤਾਲ ਉਤੇ ਬੈਠੇ ਸਿੰਘਾਂ ਦਾ ਸਾਥ ਦੇਣ। ਉਹਨਾਂ ਕਿਹਾ ਕਿ ਮੇਰੀ
ਸਮੂਹ ਪੰਜਾਬੀਆਂ ਨੂੰ ਇਹ ਬੇਨਤੀ ਹੈ ਕਿ ਪੰਜਾਬ ਸਰਕਾਰ ਉਪਰ ਦਬਾਅ ਪਾ ਕੇ ਇਹ ਭੁੱਖ ਹੜਤਾਲ ਤੋੜਨ ਵਿਚ ਸਹਾਇਤਾ
ਕੀਤੀ ਜਾਵੇ ਤਾਂ ਜੋ ਸਮੂਹ ਬੰਦੀ ਸਿੰਘਾਂ ਨੂੰ ਇਨਸਾਫ ਮਿਲ ਸਕੇ।
No comments:
Post a Comment