ਐਸ.ਏ.ਐਸ. ਨਗਰ, 21 ਫਰਵਰੀ : ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ੰਭੂ ਤੇ ਖਨੌਰੀ ਸਰਹੱਦਾਂ ਉਤੇ ਪੁਲੀਸ ਗੋਲੀ ਨਾਲ ਇਕ ਕਿਸਾਨ ਦੀ ਹੋਈ ਮੌਤ ਅਤੇ ਸੈਂਕੜਿਆਂ ਦੇ ਜ਼ਖ਼ਮੀ ਹੋਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਵਿਖੇ 23 ਤੋਂ 29 ਫਰਵਰੀ ਤੱਕ ‘ਰੰਗਲਾ ਪੰਜਾਬ’ ਦੇ ਨਾਂ ਹੇਠ ਕਰਵਾਏ ਜਾ ਰਹੇ ਜਸ਼ਨਾਂ ਦੇ ਪ੍ਰੋਗਰਾਮ ਨੂੰ ਤੁਰੰਤ ਮੁਲਤਵੀ ਕਰੇ।
ਸ਼੍ਰੀ ਸਿੱਧੂ ਨੇ ਕਿਹਾ, “ਇਕ ਪਾਸੇ ਪੰਜਾਬ ਦੇ ਕਿਸਾਨ ਪੁੱਤ ਆਪਣੀਆਂ ਹੱਕੀ ਮੰਗਾਂ ਲਈ ਹਰ ਰੋਜ਼ ਸ਼ਹੀਦੀਆਂ ਪਾ ਰਹੇ ਹਨ ਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਦਸ ਦਿਨ ‘ਰੰਗਲਾ ਪੰਜਾਬ’ ਦੇ ਨਾਂ ਹੇਠ ਨੱਚਣ-ਟੱਪਣ, ਗਾਉਣ-ਵਜਾਉਣ ਤੇ ਖਾਣ-ਪੀਣ ਦੇ ਜਸ਼ਨ ਮਨਾਉਣ ਜਾ ਰਹੀ ਹੈ। ਜਦੋਂ ਪੰਜਾਬ ਵਿਚ ਹਰ ਰੋਜ਼ ਸੱਥਰ ਵਿਛ ਰਹੇ ਹੋਣ, ਪੁਲੀਸ ਦੀਆਂ ਗੋਲੀਆਂ ਨਾਲ ਸੈਂਕੜੇ ਪੰਜਾਬੀ ਨਕਾਰਾ ਹੋ ਰਹੇ ਹੋਣ ਅਤੇ ਹਰਿਆਣਾ ਪੁਲੀਸ ਵੱਲੋਂ ਪੰਜਾਬ ਦੀਆਂ ਹੱਦਾਂ ਵਿਚ ਆ ਕੇ ਕਿਸਾਨਾਂ ਉਤੇ ਅੱਥਰੂ ਗੈਸ ਦੇ ਗਲੇ ਦਾਗੇ ਜਾ ਰਹੇ ਹੋਣ ਤਾਂ ਪੰਜਾਬ ਸਰਕਾਰ ਨੂੰ ਗਾਉਣ ਵਜਾਉਣ ਦੇ ਜਸ਼ਨ ਮਨਾਉਣੇ ਉੱਕਾ ਹੀ ਸ਼ੋਭਾ ਨਹੀਂ ਦਿੰਦਾ।”
ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਮਹਿਜ਼ ਗਾਉਣ-ਵਜਾਉਣ ਜਾਂ ਨੱਚਣ-ਟੱਪਣ ਦੇ ਪ੍ਰੋਗਰਾਮ ਕਰਵਾ ਕੇ ਰੰਗਲਾ ਨਹੀਂ ਬਣ ਸਕਦਾ ਬਲਕਿ ਇਸ ਨੂੰ ਰੰਗਲਾ ਬਣਾਉਣ ਲਈ ਇਸ ਦੀ ਆਰਥਿਕਤਾ ਦੇ ਧੁਰੇ ਖੇਤੀ ਨੂੰ ਮੁੜ ਤੋਂ ਲਾਹੇਵੰਦਾ ਧੰਦਾ ਨਹੀਂ ਬਣਾਇਆ ਜਾਂਦਾ ਜਿਸ ਲਈ ਪੰਜਾਬ ਦੇ ਕਿਸਾਨ ਲਹੂ ਡੋਲਵਾਂ ਸੰਘਰਸ਼ ਲੜ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਅਜਿਹੇ ਪ੍ਰੋਗਰਾਮਾਂ ਦੀ ਥਾਂ ਆਪਣਾ ਸਾਰਾ ਧਿਆਨ ਪੰਜਾਬ ਦੇ ਕਿਸਾਨਾਂ ਦੀ ਸੁਰੱਖਿਆ ਉਤੇ ਲਾਉਂਦਿਆਂ ਕੇਂਦਰ ਤੇ ਹਰਿਆਣਾ ਸਰਕਾਰ ਨਾਲ ਉਥੋਂ ਦੀ ਪੁਲੀਸ ਵਲੋਂ ਗੋਲੀਆਂ ਨਾਲ ਸ਼ਹੀਦ ਤੇ ਜ਼ਖ਼ਮੀ ਕੀਤੇ ਜਾ ਰਹੇ ਕਿਸਾਨਾਂ ਦਾ ਮਾਮਲਾ ਉਠਾਵੇ। ਸ਼੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਗੁਆਂਢ ਵਿਚ ਰਹਿੰਦੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰ ਕੇ ਰੋਸ ਪ੍ਰਗਟ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਰੋਕਾਂ ਹਟਾਉਣ ਲਈ ਕਹਿਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਧਰਨਾ ਦੇ ਸਕਣ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣੇ ਜਸ਼ਨਾਂ ਦੇ ਇਸ ਪ੍ਰੋਗਰਾਮ ਨੂੰ ਉਸ ਸਮੇਂ ਤੱਕ ਮੁਲਤਵੀ ਕਰੇ ਜਦੋਂ ਤੱਕ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਸ਼ਾਂਤਮਈ ਸੰਘਰਸ਼ ਕਿਸੇ ਤਣ-ਪੱਤਣ ਨਹੀਂ ਲੱਗ ਜਾਂਦਾ।
No comments:
Post a Comment